ਪਟਿਆਲਾ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਅੱਜ ਰੈੱਡ ਕਰਾਸ ਨਸ਼ਾਮੁਕਤੀ ਅਤੇ ਮੁੜ ਵਸੇਬਾ ਕੇਂਦਰ ਸਾਕੇਤ ਹਸਪਤਾਲ ਤੇ ਮਾਡਲ ਟਾਊਨ ਓਟ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਾਕੇਤ ਹਸਪਤਾਲ ’ਚ ਡੇਅਰੀ ਫਾਰਮਿੰਗ ਦੀ ਸਿਖਲਾਈ ਲੈ ਰਹੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਕਿੱਤਾ ਮੁਖੀ ਕੋਰਸ ਸਬੰਧੀ ਪ੍ਰਤੀਕਿਰਿਆ ਪ੍ਰਾਪਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੜ ਵਸੇਬਾ ਕੇਂਦਰਾਂ ’ਚ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਡੇਅਰੀ ਫਾਰਮਿੰਗ ਦੇ ਨਾਲ-ਨਾਲ ਮੱਛੀ ਪਾਲਣ, ਇਲੈਕਟਰੀਸ਼ੀਅਨ, ਮਧੂ ਮੱਖੀ ਪਾਲਣ, ਪਲੰਬਰ ਵਰਗੇ ਹੋਰ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਨੂੰ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ। ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਸਾਕੇਤ ਹਸਪਤਾਲ ਵਿੱਚਦਾਖਲ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਉਪਰੰਤ ਡੀਸੀ ਤੇ ਐੱਸਐੱਸਪੀ ਨੇ ਮਾਡਲ ਟਾਊਨ ਓਟ ਕਲੀਨਿਕ ਦਾ ਦੌਰਾ ਵੀ ਕੀਤਾ ਅਤੇ ਸਟਾਫ਼ ਪਾਸੋਂ ਦਵਾਈ ਲੈ ਰਹੇ ਮਰੀਜ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।