88.07 F
New York, US
August 5, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਡਾ ਅੰਬੇਡਕਰ ਨੇ 1940 ’ਚ ਕੀਤਾ ਸੀ ਆਰ.ਐਸ.ਐਸ ‘ਸ਼ਾਖਾ’ ਦਾ ਦੌਰਾ: ਸੰਘ ਦੇ ਮੀਡੀਆ ਵਿੰਗ ਦਾ ਦਾਅਵਾ

ਨਾਗਪੁਰ-ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 85 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ‘ਸ਼ਾਖਾ’ ਦਾ ਦੌਰਾ ਕੀਤਾ ਸੀ। ਇਹ ਦਾਅਵਾ ਵੀਰਵਾਰ ਨੂੰ ਸੰਘ ਦੇ ਮੀਡੀਆ ਵਿੰਗ ਨੇ ਕੀਤਾ ਹੈ।

ਵਿੰਗ ਨੇ ਕਿਹਾ ਹੈ ਕਿ ਆਪਣੀ ਫੇਰੀ ਦੌਰਾਨ ਅੰਬੇਡਕਰ ਨੇ ਕਿਹਾ ਕਿ ਉਹ ਕੁਝ ਮੁੱਦਿਆਂ ‘ਤੇ RSS ਨਾਲ ਮਤਭੇਦਾਂ ਦੇ ਬਾਵਜੂਦ ਸੰਘ ਨੂੰ ‘ਪਿਆਰ ਦੀ ਭਾਵਨਾ ਨਾਲ ਦੇਖਦੇ ਹਨ’। ਆਰਐਸਐਸ ਦੇ ਸੰਚਾਰ ਵਿੰਗ ‘ਵਿਸ਼ਵ ਸੰਵਾਦ ਕੇਂਦਰ’ (Vishwa Samvad Kendra – VSK) ਦੇ ਵਿਦਰਭ ਪ੍ਰਾਂਤ (Vidarbha prant) ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਆਰਐਸਐਸ ਨੂੰ ਹੁਣ ਤੱਕ ਦੇ ਆਪਣੇ ਸਫ਼ਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ‘ਤੇ ਕਈ ਦੋਸ਼ ਲਗਾਏ ਗਏ ਹਨ, ਪਰ ਇਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ‘ਗਲਤ ਸਾਬਤ ਕੀਤਾ’ ਅਤੇ ਇੱਕ ਸਮਾਜਿਕ ਸੰਗਠਨ ਵਜੋਂ ਆਪਣੀ ਪਛਾਣ ਦੀ ਪੁਸ਼ਟੀ ਕੀਤੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ RSS ’ਤੇ ਵੱਖ-ਵੱਖ ਕਾਰਨਾਂ ਕਰਕੇ ਤਿੰਨ ਵਾਰ ਪਾਬੰਦੀ ਲਗਾਈ ਗਈ ਸੀ, ਪਰ ਇਹ ਬਿਨਾਂ ਕਿਸੇ ਨੁਕਸਾਨ ਅਜਿਹੇ ਸੰਕਟਾਂ ਤੋਂ ਬਾਹਰ ਆਇਆ। ਬਿਆਨ ਵਿਚ ਕਿਹਾ ਗਿਆ ਹੈ, “ਆਰਐਸਐਸ ’ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲੱਗੇ ਸਨ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਤੇ ਆਰਐਸਐਸ ਬਾਰੇ ਗਲਤ ਜਾਣਕਾਰੀ ਫੈਲਾਈ ਗਈ ਸੀ। ਪਰ ਹੁਣ, ਡਾ. ਅੰਬੇਡਕਰ ਅਤੇ ਆਰਐਸਐਸ ਬਾਰੇ ਇੱਕ ਨਵਾਂ ਦਸਤਾਵੇਜ਼ ਸਾਹਮਣੇ ਆਇਆ ਹੈ, ਜੋ ਡਾ. ਅੰਬੇਡਕਰ ਅਤੇ ਆਰਐਸਐਸ ਵਿਚਕਾਰ ਸਬੰਧਾਂ ਨੂੰ ਉਜਾਗਰ ਕਰਦਾ ਹੈ।”

ਬਿਆਨ ਮੁਤਾਬਕ ਡਾ. ਅੰਬੇਡਕਰ ਨੇ 2 ਜਨਵਰੀ, 1940 ਨੂੰ ਸਾਤਾਰਾ ਜ਼ਿਲ੍ਹੇ ਦੇ ਕਰਾੜ ਵਿਖੇ ਆਰਐਸਐਸ ਦੀ ਇੱਕ ‘ਸ਼ਾਖਾ’ (ਸਥਾਨਕ ਇਕਾਈ) ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਸੰਘ ਦੇ ਸਵੈਮ ਸੇਵਕਾਂ (ਵਲੰਟੀਅਰਾਂ) ਨੂੰ ਵੀ ਸੰਬੋਧਨ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਆਪਣੇ ਸੰਬੋਧਨ ਵਿੱਚ ਡਾ. ਅੰਬੇਡਕਰ ਨੇ ਕਿਹਾ ਸੀ, “ਹਾਲਾਂਕਿ ਕੁਝ ਮੁੱਦਿਆਂ ‘ਤੇ ਮਤਭੇਦ ਹਨ, ਪਰ ਮੈਂ ਸੰਘ ਨੂੰ ਪਿਆਰ ਦੀ ਭਾਵਨਾ ਨਾਲ ਦੇਖਦਾ ਹਾਂ।”

ਵੀਐਸਕੇ ਨੇ ਆਪਣੇ ਬਿਆਨ ਵਿੱਚ ਖ਼ਬਰਾਂ ਦੀ ਇੱਕ ਕਾਤਰ ਦੇ ਨਾਲ ਕਿਹਾ ਕਿ ਪੁਣੇ ਦੇ ਇੱਕ ਮਰਾਠੀ ਰੋਜ਼ਨਾਮਾ ‘ਕੇਸਰੀ’ ਵਿੱਚ ਡਾ. ਅੰਬੇਡਕਰ ਦੀ ਆਰਐਸਐਸ ਸ਼ਾਖਾ ਵਿੱਚ ਫੇਰੀ ਬਾਰੇ 9 ਜਨਵਰੀ, 1940 ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਇਸ ਰਿਪੋਰਟ ਵਿੱਚ ਆਰਐਸਐਸ ਦੇ ਵਿਚਾਰਧਾਰਕ ਦੱਤੋਪੰਤ ਠੇਂਗੜੀ ਦੁਆਰਾ ਲਿਖੀ ਗਈ ‘ਡਾ. ਅੰਬੇਡਕਰ ਔਰ ਸਮਾਜਿਕ ਕ੍ਰਾਂਤੀ ਕੀ ਯਾਤਰਾ’ ਨਾਮੀ ਕਿਤਾਬ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਆਰਐਸਐਸ ਅਤੇ ਡਾ. ਅੰਬੇਡਕਰ ਵਿਚਕਾਰ ਸਬੰਧਾਂ ਬਾਰੇ ਗੱਲ ਕੀਤੀ ਗਈ ਹੈ। ਕਿਤਾਬ ਦੇ ਅੱਠਵੇਂ ਅਧਿਆਇ ਦੇ ਸ਼ੁਰੂ ਵਿੱਚ ਠੇਂਗੜੀ ਕਹਿੰਦਾ ਹੈ ਕਿ ਡਾ. ਅੰਬੇਡਕਰ ਨੂੰ ਆਰਐਸਐਸ ਦਾ ਪੂਰਾ ਗਿਆਨ ਸੀ। ਇਸਦੇ ਸਵੈਮ ਸੇਵਕ ਉਨ੍ਹਾਂ ਨਾਲ ਨਿਯਮਤ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸਨ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਨੇ ਵੀ 1934 ਵਿੱਚ ਵਰਧਾ ਵਿਖੇ ਆਰਐਸਐਸ ਕੈਂਪ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸੰਘ ਵਿੱਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਵਲੰਟੀਅਰ ਸਨ। ਵੀਐਸਕੇ ਨੇ ਕਿਹਾ, “ਉਨ੍ਹਾਂ ਖੁਦ ਅਨੁਭਵ ਕੀਤਾ ਕਿ ਕੈਂਪ ਵਿੱਚ ਕੋਈ ਵੀ ਸਵੈਮ ਸੇਵਕ ਆਪਣੀ ਜਾਤ ਜਾਂ ਦੂਜੇ ਸਵੈਮ ਸੇਵਕਾਂ ਦੀ ਜਾਤ ਜਾਣਨ ਵਿੱਚ ਦਿਲਚਸਪੀ ਨਹੀਂ ਰੱਖਦਾ। ਸਾਰਿਆਂ ਦੇ ਮਨ ਵਿੱਚ ਸਿਰਫ਼ ਇੱਕ ਹੀ ਭਾਵਨਾ ਸੀ – ਕਿ ਅਸੀਂ ਸਾਰੇ ਹਿੰਦੂ ਹਾਂ। ਇਸ ਲਈ ਸਵੈਮ ਸੇਵਕਾਂ ਨੇ ਆਪਣੀਆਂ ਰੋਜ਼ਾਨਾ ਦੀ ਗਤੀਵਿਧੀਆਂ ਆਪਣੇ ਆਪ ਕੀਤੀਆਂ।”

Related posts

ਟਰੰਪ ਨੂੰ ਝਟਕਾ, ਪੋਂਪੀਓ ਨੂੰ ਨਹੀਂ ਮਿਲਣਗੇ ਪੋਪ ਫਰਾਂਸਿਸ, ਵੈਟੀਕਨ ਬੋਲਿਆ- ਕਿਸੇ ਵੀ ਨੇਤਾ ਨੂੰ ਨਹੀਂ ਮਿਲਦੇ ਧਰਮਗੁਰੂ

On Punjab

ਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰ

On Punjab

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਯੂਰਪ ‘ਚ ਇਸ ਵਾਇਰਸ ਨੇ ਦਿੱਤੀ ਦਸਤਕ, ਬਰਤਾਨੀਆ ‘ਚ ਤੇਜ਼਼ੀ ਨਾਲ ਆ ਰਹੇ ਮਾਮਲੇ

On Punjab