ਕਾਹਿਰਾ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਹਰਮੁਜ਼ ਜਲ ਮਾਰਗ 48 ਘੰਟਿਆਂ ’ਚ ਨਾ ਖੋਲ੍ਹਿਆ ਤਾਂ ਉਸ ਦੇ ਬਿਜਲੀ ਘਰ ਤਬਾਹ ਕਰ ਦਿੱਤੇ ਜਾਣਗੇ। ਟਰੰਪ ਦੀ ਧਮਕੀ ਦੇ ਜਵਾਬ ’ਚ ਇਰਾਨ ਨੇ ਇਜ਼ਰਾਈਲ ਦੇ ਮੁੱਖ ਪਰਮਾਣੂ ਖੋਜ ਕੇਂਦਰ ਨੇੜਲੇ ਦੋ ਸ਼ਹਿਰਾਂ ਦਿਮੋਨਾ ਅਤੇ ਅਰਾਦ ’ਤੇ ਮਿਜ਼ਾਈਲਾਂ ਦਾਗ਼ੀਆਂ ਜਿਨ੍ਹਾਂ ’ਚ 115 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ 9 ਦੀ ਹਾਲਤ ਗੰਭੀਰ ਹੈ। ਦਿਮੋਨਾ ਨੂੰ ‘ਲਿਟਲ ਇੰਡੀਆ’ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਘਟਨਾਕ੍ਰਮ ਨਾਲ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਪੱਛਮੀ ਏਸ਼ੀਆ ’ਚ ਜੰਗ ਨਵੇਂ ਖ਼ਤਰਨਾਕ ਮੋੜ ਵੱਲ ਵਧ ਰਹੀ ਹੈ। ਦੂਜੇ ਪਾਸੇ, ਉੱਤਰੀ ਇਜ਼ਰਾਈਲ ’ਚ ਲਿਬਨਾਨੀ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦੇ ਹਮਲੇ ’ਚ ਇਕ ਵਿਅਕਤੀ ਮਾਰਿਆ ਗਿਆ।
ਟਰੰਪ ਨੇ ਕਿਹਾ ਕਿ ਜੇ ਹਰਮੁਜ਼ ਜਲ ਮਾਰਗ 48 ਘੰਟਿਆਂ ’ਚ ਨਾ ਖੁੱਲ੍ਹਿਆ ਤਾਂ ਇਰਾਨ ਨੂੰ ਜ਼ੋਰਦਾਰ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ, ਇਰਾਨ ਦੇ ਸਭ ਤੋਂ ਵੱਡੇ ਬਿਜਲੀ ਘਰ ਨੂੰ ਨੁਕਸਾਨ ਪਹੁੰਚਾ ਕੇ ਤਬਾਹੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਬੁਸ਼ਹਿਰ ਪਰਮਾਣੂ ਬਿਜਲੀ ਪਲਾਂਟ ਵੱਲ ਹੋ ਸਕਦਾ ਹੈ ਜਿਸ ’ਤੇ ਪਿਛਲੇ ਹਫ਼ਤੇ ਹਮਲਾ ਹੋਇਆ ਸੀ ਜਾਂ ਫਿਰ ਤਹਿਰਾਨ ਨੇੜੇ ਦਾਮਵੰਦ ਕੁਦਰਤੀ ਗੈਸ ਪਲਾਂਟ ਨਿਸ਼ਾਨੇ ’ਤੇ ਹੋ ਸਕਦਾ ਹੈ। ਇਸ ਧਮਕੀ ਦੇ ਜਵਾਬ ’ਚ ਇਰਾਨ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਕ ਦੇ ਊਰਜਾ ਕੇਂਦਰਾਂ ’ਤੇ ਹਮਲੇ ਹੋਏ ਤਾਂ ਉਹ ਖ਼ਿੱਤੇ ’ਚ ਮੌਜੂਦ ਅਮਰੀਕੀ ਤੇ ਇਜ਼ਰਾਇਲੀ ਊਰਜਾ ਤੇ ਬੁਨਿਆਦੀ ਢਾਂਚੇ ਵਾਲੇ ਕੇਂਦਰਾਂ ਨੂੰ ਨਿਸ਼ਾਨਾ ਬਣਾਏਗਾ। ਇਰਾਨ ਦੇ ਕੌਮਾਂਤਰੀ ਸਮੁੰਦਰੀ ਸੰਸਥਾ ’ਚ ਸਫ਼ੀਰ ਸੱਯਦ ਅਲੀ ਮੌਸਾਵੀ ਨੇ ਕਿਹਾ ਕਿ ਦੁਸ਼ਮਣ ਮੁਲਕਾਂ ਨੂੰ ਛੱਡ ਕੇ ਹੋਰ ਜਹਾਜ਼ ਹਰਮੁਜ਼ ਜਲ ਮਾਰਗ ’ਚੋਂ ਲੰਘ ਸਕਦੇ ਹਨ।
ਇਰਾਨ ਪੂਰੀ ਦੁਨੀਆ ਲਈ ਖ਼ਤਰਾ ਬਣਿਆ: ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਡਿਏਗੋ ਗਾਰਸੀਆ ’ਤੇ ਹਾਲੀਆ ਮਿਜ਼ਾਈਲ ਹਮਲਿਆਂ ਤੋਂ ਸਾਬਤ ਹੋ ਗਿਆ ਹੈ ਕਿ ਇਰਾਨ ਕੋਲ ਯੂਰੋਪ ਤੱਕ ਮਾਰ ਕਰਨ ਦੀ ਤਾਕਤ ਹੈ ਅਤੇ ਉਹ ਹੁਣ ਪੂਰੀ ਦੁਨੀਆ ਲਈ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਹਰ ਕਿਸੇ ਤਰਫ਼ੋਂ ਇਕੱਠਿਆਂ ਲੜ ਰਹੇ ਹਨ। ਨੇਤਨਯਾਹੂ ਨੇ ਇਰਾਨੀ ਮਿਜ਼ਾਈਲ ਹਮਲੇ ’ਚ ਨਿਸ਼ਾਨਾ ਬਣੇ ਅਰਾਦ ਸ਼ਹਿਰ ਦਾ ਅੱਜ ਦੌਰਾ ਕੀਤਾ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਜੇ ਤੁਸੀਂ ਇਰਾਨ ਦੇ ਪੂਰੀ ਦੁਨੀਆ ਲਈ ਖ਼ਤਰਾ ਬਣਨ ਦਾ ਸਬੂਤ ਚਾਹੁੰਦੇ ਹੋ ਤਾਂ ਬੀਤੇ 48 ਘੰਟਿਆਂ ’ਤੇ ਨਜ਼ਰ ਮਾਰੋ। ਇਰਾਨ ਨੇ ਸਾਡੇ ਸ਼ਹਿਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਹ ਸਮੂਹਿਕ ਕਤਲੇਆਮ ਵਾਲੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਖ਼ੁਸ਼ਕਿਸਮਤੀ ਨਾਲ ਕੋਈ ਵੀ ਹਲਾਕ ਨਹੀਂ ਹੋਇਆ ਪਰ ਉਹ ਆਮ ਲੋਕਾਂ ਦੀ ਹੱਤਿਆ ਕਰਨਾ ਚਾਹੁੰਦਾ ਹੈ।’’ ਉਨ੍ਹਾਂ ਯੇਰੂਸ਼ਲਮ ’ਚ ਚਰਚ ਅਤੇ ਅਲ ਅਕਸਾ ਮਸਜਿਦ ਸਮੇਤ ਤਿੰਨ ਪਵਿੱਤਰ ਧਾਰਮਿਕ ਅਸਥਾਨਾਂ ’ਤੇ ਹਮਲਿਆਂ ਵੱਲ ਵੀ ਧਿਆਨ ਦਿਵਾਉਂਦਿਆਂ ਇਸ ਦੀ ਨਿੰਦਾ ਕੀਤੀ।
ਇਰਾਨ ਦੀ ਮਦਦ ਲਈ ਕਸ਼ਮੀਰੀਆਂ ਨੇ ਦਾਨ ਦਿੱਤਾ- ਜੰਗ ਦੇ ਸ਼ਿਕਾਰ ਇਰਾਨ ਲਈ ਕਸ਼ਮੀਰ ਦੇ ਕੁਝ ਇਲਾਕਿਆਂ ਵਿਚੋਂ ਲੋਕਾਂ ਨੇ ਚੀਜ਼ਾਂ ਦਾਨ ਕੀਤੀਆਂ ਹਨ। ਇਨ੍ਹਾਂ ’ਚ ਨਗ਼ਦੀ, ਸੋਨਾ ਤੇ ਤਾਂਬੇ ਦੇ ਭਾਂਡੇ ਸ਼ਾਮਲ ਹਨ। ਇਰਾਨੀ ਦੂਤਾਵਾਸ ਨੇ ਐਕਸ ’ਤੇ ਇਕ ਪੋਸਟ ਰਾਹੀਂ ਇਸ ਮਿਹਰਬਾਨੀ ਲਈ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਦਿਆਲਗੀ ਦੇ ਇਸ ਕਾਰਜ ਨੂੰ ‘ਕਦੇ ਭੁਲਾਇਆ ਨਹੀਂ ਜਾਵੇਗਾ।’’ ਈਦ ਦੇ ਜਸ਼ਨਾਂ ਤੋਂ ਇਕ ਦਿਨ ਬਾਅਦ ਵਾਦੀ ਦੇ ਸ਼ੀਆ ਬਹੁਗਿਣਤੀ ਵਾਲੇ ਇਲਾਕਿਆਂ (ਬਾਰਾਮੂਲਾ ਤੇ ਬਡਗਾਮ) ਵਿਚੋਂ ਨੌਜਵਾਨਾਂ ਨੇ ਘਰ-ਘਰ ਜਾ ਕੇ ‘ਸਦਕਾ’ ਇਕੱਠਾ ਕੀਤਾ ਹੈ ਤਾਂ ਜੋ ਇਰਾਨ ਵਿਚ ਜੰਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਮਰਦਾਂ, ਔਰਤਾਂ ਤੇ ਬੱਚਿਆਂ, ਸਾਰਿਆਂ ਨੇ ਇਸ ਵਿਚ ਹਿੱਸਾ ਪਾਇਆ ਹੈ। ਇਨ੍ਹਾਂ ਚੀਜ਼ਾਂ ਨੂੰ ਅਧਿਕਾਰਤ ਰਾਹਤ ਸੰਗਠਨਾਂ ਰਾਹੀਂ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇਗਾ।
ਮੋਦੀ ਨੇ ਤੇਲ, ਬਿਜਲੀ ਤੇ ਖਾਦ ਦੀ ਸਪਲਾਈ ਦਾ ਜਾਇਜ਼ਾ ਲਿਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਨੀਅਰ ਮੰਤਰੀਆਂ ਨਾਲ ਪੱਛਮੀ ਏਸ਼ੀਆ ਦੇ ਬਦਲਦੇ ਹਾਲਾਤ ਦੇ ਮੱਦੇਨਜ਼ਰ ਕੱਚੇ ਤੇਲ, ਗੈਸ, ਪੈਟਰੋਲੀਅਮ ਉਤਪਾਦਾਂ, ਬਿਜਲੀ ਅਤੇ ਖਾਦ ਖੇਤਰਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਸਰਕਾਰੀ ਸੂਤਰਾਂ ਅਨੁਸਾਰ, ਮੀਟਿੰਗ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਨਿਰੰਤਰ ਸਪਲਾਈ, ਸਥਿਰ ਲੌਜਿਸਟਿਕਸ ਅਤੇ ਕੁਸ਼ਲ ਵੰਡ ਯਕੀਨੀ ਬਣਾਉਣਾ ਸੀ।
ਇਸ ਉੱਚ ਪੱਧਰੀ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸਿਹਤ ਮੰਤਰੀ ਜੇ ਪੀ ਨੱਢਾ, ਵਣਜ ਮੰਤਰੀ ਪਿਊਸ਼ ਗੋਇਲ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਸ਼ਾਮਲ ਹੋਏ। ਇਸ ਤੋਂ ਇਲਾਵਾ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਅਜੀਤ ਡੋਵਾਲ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ ਕੇ ਮਿਸ਼ਰਾ ਤੇ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ। ਮੀਟਿੰਗ ਵਿੱਚ ਪੱਛਮੀ ਏਸ਼ੀਆ ਸੰਕਟ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਸਥਿਤੀ ਅਤੇ ਖ਼ਪਤਕਾਰਾਂ ਤੇ ਉਦਯੋਗਾਂ ਦੇ ਹਿੱਤਾਂ ਦੀ ਰੱਖਿਆ ਲਈ ਕੀਤੇ ਗਏ ਉਪਾਵਾਂ ਦਾ ਜਾਇਜ਼ਾ ਲਿਆ ਗਿਆ।
28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਏ ਪੱਛਮੀ ਏਸ਼ੀਆ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਿਸ਼ਵ ਆਗੂਆਂ ਦੇ ਸੰਪਰਕ ਵਿੱਚ ਹਨ। ਇਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਅਤੇ ਆਪਣੇ ਕਈ ਗੁਆਂਢੀ ਖਾੜੀ ਮੁਲਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨ ਹਰਮੁਜ਼ ਜਲ ਮਾਰਗ ਨੂੰ ਕੰਟਰੋਲ ਕਰਦਾ ਹੈ, ਜੋ ਵਪਾਰਕ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦਾ ਅਹਿਮ ਰੂਟ ਹੈ। ਇਰਾਨ ਵੱਲੋਂ ਇਹ ਸਮੁੰਦਰੀ ਰਸਤਾ ਰੋਕੇ ਜਾਣ ਕਾਰਨ ਭਾਰਤ ਸਣੇ ਕਈ ਦੇਸ਼ਾਂ ਨੂੰ ਊਰਜਾ (ਤੇਲ ਅਤੇ ਗੈਸ) ਦੀ ਸਪਲਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਨੂੰ ਸੰਭਾਲਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਕਈ ਦੇਸ਼ਾਂ ਦੇ ਆਗੂਆਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਬਹਿਰੀਨ ਤੇ ਕੁਵੈਤ, ਜੌਰਡਨ, ਫਰਾਂਸ, ਮਲੇਸ਼ੀਆ, ਇਜ਼ਰਾਈਲ ਅਤੇ ਇਰਾਨ ਸ਼ਾਮਲ ਹਨ।

