ਝੱਜਰ- ਇੱਥੇ ਬਹਾਦਰਗੜ੍ਹ ਸਬ-ਡਿਵੀਜ਼ਨ ਅਧੀਨ ਨੀਲੋਠੀ ਪਿੰਡ ਨੇੜੇ ਬੁੱਧਵਾਰ ਵੱਡੇ ਤੜਕੇ ਕੇਐੱਮਪੀ ਐਕਸਪ੍ਰੈਸਵੇਅ ’ਤੇ ਪਿਕਅੱਪ ਗੱਡੀ ਦੀ ਕੈਂਟਰ ਨਾਲ ਟੱਕਰ ਵਿਚ ਇਕ ਮਹਿਲਾ ਸਣੇ ਘੱਟੋ-ਘੱਟ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ, ਜਿਨ੍ਹਾਂ ਵਿਚ ਕੁੱਝ ਬੱਚੇ ਵੀ ਸ਼ਾਮਲ ਹਨ, ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੋਹਤਕ ਦੇ ਪੀਜੀਆਈਐੱਮਐੱਸ ਰੈਫਰ ਕਰ ਦਿੱਤਾ ਗਿਆ ਹੈ। ਕੈਂਟਰ ਡਰਾਈਵਰ ਨੂੰ ਵੀ ਹਾਦਸੇ ਵਿੱਚ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।
ਬਹਾਦੁਰਗੜ੍ਹ ਦੇ ਡੀਸੀਪੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਤੜਕੇ 2:15 ਵਜੇ ਦੇ ਕਰੀਬ ਵਾਪਰਿਆ ਜਦੋਂ ਪਰਵਾਸੀ ਮਜ਼ਦੂਰਾਂ ਦਾ ਇੱਕ ਸਮੂਹ, ਜੋ ਕਿ ਇੱਕ ਪਿਕਅੱਪ ਗੱਡੀ ਵਿੱਚ ਉੱਤਰ ਪ੍ਰਦੇਸ਼ ਤੋਂ ਮਹਿੰਦਰਗੜ੍ਹ ਜਾ ਰਹੇ ਸੀ, ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ, ‘‘ਸਾਰੇ ਜ਼ਖਮੀਆਂ ਦਾ ਇਸ ਸਮੇਂ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।’’