ਓਟਵਾ, 14 ਅਗਸਤ (ਪੋਸਟ ਬਿਊਰੋ) : ਲਿਬਰਲਾਂ ਕੋਲ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਗ੍ਰੈਲਵਿੱਲੇ ਤੋਂ ਆਪਣਾ ਨਵਾਂ ਉਮੀਦਵਾਰ ਹੈ। ਇਹ ਉਹੀ ਇਲਾਕਾ ਹੈ ਜਿੱਥੇ ਕਦੇ ਉਨ੍ਹਾਂ ਦੀ ਇਸ ਸਮੇਂ ਦੀ ਮੁੱਖ ਵਿਰੋਧੀ ਜੋਡੀ ਵਿਲਸਨ ਰੇਅਬੋਲਡ ਆਜ਼ਾਦ ਉਮੀਦਵਾਰ ਵਜੋਂ ਖੜ੍ਹ ਰਹੀ ਹੈ ਤੇ ਜਿਸਨੂੰ ਕਦੇ ਉਹ ਆਪਣਾ ਕਹਿੰਦੇ ਸਨ।
42 ਸਾਲਾ ਟੈਕਨੀਕਲ ਐਂਟਰਪ੍ਰਨਿਓਰ ਤਾਲੀਬ ਨੂਰਮੁਹੰਮਦ ਨੂੰ ਹੁਣ ਇਸ ਇਲਾਕੇ ਵਿੱਚ ਆਜ਼ਾਦ ਉਮੀਦਵਾਰ ਜੋਡੀ ਵਿਲਸਨ ਰੇਅਬੋਲਡ ਦੀ ਟੱਕਰ ਵਿੱਚ ਲਿਬਰਲਾਂ ਵੱਲੋਂ ਟਿਕਟ ਦਿੱਤੀ ਗਈ ਹੈ। ਜੋਡੀ ਵਿਲਸਨ ਰੇਅਬੋਲਡ, ਸਾਬਕਾ ਨਿਆਂ ਮੰਤਰੀ ਹੈ ਤੇ ਉਹ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾ ਰਹੀ ਹੈ। ਸਟਾਰ ਕੈਂਡੀਡੇਟ ਵਜੋਂ ਲਿਬਰਲਾਂ ਲਈ 2015 ਵਿੱਚ 44 ਫੀ ਸਦੀ ਵੋਟਾਂ ਲੈ ਕੇ ਜੇਤੂ ਰਹਿਣ ਵਾਲੀ ਰੇਅਬੋਲਡ ਨੇ ਇਸ ਸਾਲ ਦੇ ਸ਼ੁਰੂ ਵਿੱਚ ਟਰੂਡੋ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਰੇਅਬੋਲਡ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਉਸ ਉੱਤੇ ਐਸਐਨਸੀ-ਲਾਵਾਲਿਨ ਖਿਲਾਫ ਜਾਰੀ ਮੁਜਰਮਾਨਾ ਮੁਕੱਦਮੇ ਨੂੰ ਖ਼ਤਮ ਕਰਨ ਲਈ ਗਲਤ ਢੰਗ ਨਾਲ ਦਬਾਅ ਪਾਇਆ ਗਿਆ।
ਇਸ ਵਿਵਾਦ ਕਾਰਨ ਨਾ ਸਿਰਫ ਰੇਅਬੋਲਡ ਨੂੰ ਕੈਬਨਿਟ ਤੋਂ ਅਸਤੀਫਾ ਦੇਣਾ ਪਿਆ ਸਗੋਂ ਲਿਬਰਲ ਕਾਕਸ ਵਿੱਚੋਂ ਵੀ ਉਸ ਨੂੰ ਕੱਢ ਦਿੱਤਾ ਗਿਆ। ਇਸ ਨਾਲ ਲਿਬਰਲ ਪਾਰਟੀ ਵੀ ਇੱਕਦਮ ਹਿੱਲ ਕੇ ਰਹਿ ਗਈ। ਇਸ ਮਾਮਲੇ ਦਾ ਸੇਕ ਅਜੇ ਵੀ ਲਿਬਰਲਾਂ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਹੈ। ਪਰ ਪ੍ਰਧਾਨ ਮੰਤਰੀ ਟਰੂਡੋ ਵੀ ਇਸ ਗੱਲ ਉੱਤੇ ਕਾਇਮ ਰਹੇ ਕਿ ਇਸ ਸਾਰੇ ਮਾਮਲੇ ਵਿੱਚ ਕਿਸੇ ਨੇ ਵੀ ਕੋਈ ਗਲਤੀ ਨਹੀਂ ਕੀਤੀ ਹੈ। ਮਾਂਟਰੀਅਲ ਸਥਿਤ ਇੰਜੀਨੀਅਰਿੰਗ ਕੰਪਨੀ ਦਾ ਕੋਈ ਪੱਖ ਨਹੀਂ ਪੂਰਿਆ ਗਿਆ ਤੇ ਨਾ ਹੀ ਕਿਸੇ ਨੇ ਉਸ ਨਾਲ ਜੁੜੇ ਕਾਨੂੰਨੀ ਮਾਮਲੇ ਨੂੰ ਖਾਰਜ ਕਰਵਾਉਣ ਦੀ ਹੀ ਕੋਈ ਕੋਸਿ਼ਸ਼ ਕੀਤੀ।
ਨੂਰਮੁਹੰਮਦ ਦਾ ਕਹਿਣਾ ਹੈ ਕਿ ਉਹ ਆਪਣੀ ਕੈਂਪੇਨ ਸਥਾਨਕ ਮੁੱਦਿਆਂ ਉੱਤੇ ਕੇਂਦਰਿਤ ਕਰਨੀ ਚਾਹੁੰਦੇ ਹਨ। ਇਨ੍ਹਾਂ ਮੁੱਦਿਆਂ ਵਿੱਚ ਮੁੱਖ ਤੌਰ ਉੱਤੇ ਹਾਊਸਿੰਗ, ਟਰਾਂਜਿ਼ਟ ਤੇ ਕਲਾਈਮੇਟ ਚੇਂਜ ਵਰਗੇ ਮੁੱਦੇ ਸ਼ਾਮਲ ਹਨ। 27 ਫੀ ਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹਿਣ ਵਾਲੀ ਐਨਡੀਪੀ ਨੇ ਕਲਾਈਮੇਟ ਐਕਟੀਵਿਸਟ ਯਵੋਨ ਹੈਨਸਨ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ। ਓਟਵਾ ਵਿੱਚ ਸਾਬਕਾ ਸਿਆਸੀ ਸਟਾਫਰ ਜ਼ੈਕ ਸੀਗਲ ਕੰਜ਼ਰਵੇਟਿਵਾਂ ਲਈ ਉਮੀਦਵਾਰ ਵਜੋਂ ਖੜ੍ਹਾ ਹੋਵੇਗਾ।
previous post