20 ਜਨਵਰੀ 2021 ਦੀ ਦੁਪਹਿਰ ਨੂੰ ਨਵੇਂ ਰਾਸ਼ਟਰਪਤੀ ਵਜੋਂ ਜੋਅ ਬਾਇਡਨ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦਾ ਅਧਿਕਾਰਤ ਪਤਾ ਵੀ ਬਦਲ ਜਾਵੇਗਾ। ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਨਵਾਂ ਘਰ ਵ੍ਹਾਈਟ ਹਾਊਸ ਹੋਵੇਗਾ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਨਾਲ-ਨਾਲ ਵਿਸ਼ਵ ਦੀ ਮਹਾਸ਼ਕਤੀ ਦੇ ਮੁਖੀ ਦਾ ਘਰ ਵੀ ਹੈ। ਇਸ ਵ੍ਹਾਈਟ ਹਾਊਸ ਦਾ ਇਤਿਹਾਸ ਕਾਫ਼ੀ ਦਿਲਚਸਪ ਹੈ।
1792 ’ਚ ਰੱਖਿਆ ਸੀ ਨੀਂਹ ਪੱਥਰ
1791 ’ਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਨੇ ਪਹਿਲੀ ਵਾਰ ਇਸ ਦੀ ਕਲਪਨਾ ਨੂੰ ਸਾਕਾਰ ਕਰਨ ਲਈ ਇਸ ਥਾਂ ਦੀ ਚੋਣ ਕੀਤੀ ਸੀ। 1792 ’ਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਦਾ ਡਿਜ਼ਾਈਨ ਇਕ ਆਈਰਿਸ਼ ਮੂਲ ਦੇ ਆਰਕੀਟੈਕਟ ਜੇਮਸ ਹਾਬਨ ਨੇ ਤਿਆਰ ਕੀਤਾ ਸੀ। 1800 ’ਚ ਪਹਿਲੀ ਵਾਰ ਇਸ ਇਮਾਰਤ ਵਿਚ ਜੌਨ ਏਡਮ ਆਪਣੀ ਪਤਨੀ ਏਬੀਗਲ ਨਾਲ ਰਹਿਣ ਲਈ ਆਏ ਸਨ। ਹਾਲਾਂਕਿ ਉਸ ਸਮੇਂ ਤਕ ਇਸ ਇਮਾਰਤ ਬਣਨ ਦਾ ਕੰਮ ਪੂਰਾ ਨਹੀਂ ਹੋਇਆ ਸੀ।
ਬਿ੍ਰਟੇਨ ਨੇ ਲਾਈ ਸੀ ਅੱਗ
1812 ’ਚ ਛਿੜੇ ਯੁੱਧ ਤੋਂ ਬਾਅਦ 1814 ਵਿਚ ਬਿ੍ਰਟੇਨ ਨੇ ਇਸ ਵਿਸ਼ਾਲ ਇਮਾਰਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਉਣ ਦਾ ਜ਼ਿੰਮਾ ਜੇਮਸ ਹੈਵਨ ਨੂੰ ਸੌਂਪਿਆ ਗਿਆ ਸੀ। 1817 ’ਚ ਜਦੋਂ ਇਹ ਇਮਾਰਤ ਆਪਣੀ ਪੁਰਾਣੀ ਦਿਖ ’ਚ ਨਜ਼ਰ ਆਈ ਤਾਂ ਤੁਰੰਤ ਰਾਸ਼ਟਰਪਤੀ ਜੇਮਸ ਮੋਨਰੋ ਇਸ ’ਚ ਰਹਿਣ ਲਈ ਆਏ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ 1824 ’ਚ ਇੱਥੇ ਸਾਊਥ ਪੋਰਟਿਕੋ ਦਾ ਨਿਰਮਾਣ ਕਰਵਾਇਆ ਗਿਆ ਸੀ। 1829 ’ਚ ਐਂਡਰਿਊ ਜੈਕਸਨ ਨੇ ਇਸ ਦੇ ਨਾਰਥ ਪੋਰਟਿਕੋ ਦਾ ਨਿਰਮਾਣ ਕਰਵਾਇਆ। ਜ਼ਿਕਰਯੋਗ ਹੈ ਕਿ ਇੱਥੇ ਪੋਰਟਿਕੋ ਦਾ ਅਰਥ ਬਲਾਕ ਹੈ। 19ਵੀਂ ਸ਼ਤਾਬਦੀ ਦੌਰਾਨ ਇਸ ਭਵਨ ਨੂੰ ਪੂਰੀ ਤਰ੍ਹਾਂ ਨਾਲ ਨਵਾਂ ਬਣਾਉਣ ’ਤੇ ਵਿਚਾਰ ਕੀਤਾ ਗਿਆ। ਹਾਲਾਂਕਿ ਇਸ ਪਲਾਨ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।
ਰਾਸ਼ਟਰਪਤੀ ਰੂਜ਼ਵੇਲਟ ਨੇ ਕਰਵਾਈ ਮੁਰੰਮਤ ਤੇ ਦਿੱਤਾ ਵ੍ਹਾਈਟ ਹਾਊਸ ਦਾ ਨਾਂ
1902 ’ਚ ਜਦੋਂ ਰਾਸ਼ਟਰਪਤੀ ਰੂਜ਼ਵੇਲਟ ਸੱਤਾ ’ਚ ਆਏ ਸਨ ਤਾਂ ਉਨ੍ਹਾਂ ਨੇ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਇਸ ਦੀ ਮੁਰੰਮਤ ਦਾ ਕੰਮ ਨਿਊਯਾਰਕ ਦੀ ਆਰਕੀਟੈਕਟ ਕੰਪਨੀ ਮੈਕਕਿਮ ਮੀਡ ਐਂਡ ਵ੍ਹਾਈਟ ਨੂੰ ਸੌਂਪਿਆ ਸੀ। ਉਨ੍ਹਾਂ ਨੇ ਹੀ ਇਸ ਇਮਾਰਤ ਨੂੰ 1901 ’ਚ ਅਧਿਕਾਰਤ ਰੂਪ ਨਾਲ ਵ੍ਹਾਈਟ ਹਾਊਸ ਦਾ ਨਾਂ ਦਿੱਤਾ ਸੀ।
ਬਾਹਰਲੀਆਂ ਦੀਵਾਰਾਂ ’ਤੇ ਲਗਦਾ ਹੈ 2157 ਲੀਟਰ ਪੇਂਟ
ਇਸ ਇਮਾਰਤ ਦੀਆਂ ਦੀਵਾਰਾਂ ’ਤੇ ਜੌਨ ਐਡਮ ਨੇ ਹੁਣ ਤਕ ਦੇ ਸਾਰੇ ਰਾਸ਼ਟਰਪਤੀਆਂ ਦੇ ਚਿੱਤਰ ਲਗਾਏ ਹੋਏ ਹਨ। ਇਸ ਦੀ ਹੇਠਲੀ ਮੰਜ਼ਿਲ ’ਤੇ ਸਰਵਿਸ ਏਰੀਆ ਹੈ। ਇਥੇ ਦੁਨੀਆ ਦੇ ਨੇਤਾਵਾਂ ਦੇ ਮਨੋਰੰਜਨ ਲਈ ਅਲੱਗ ਥਾਂ ਹੈ। ਇਥੇ ਅਮਰੀਕੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਮਿਊਜ਼ੀਅਮ ਵੀ ਹੈ। ਇਸ ਇਮਾਰਤ ’ਚ 132 ਕਮਰੇ, 35 ਬਾਥਰੂਮ ਹਨ। ਇਸ ਤੋਂ ਇਲਾਵਾ 412 ਗੇਟ, 147 ਖਿੜਕੀਆਂ, 8 ਸਟੇਅਰਕੇਸ ਤੇ ਤਿੰਨ ਐਲੀਵੇਟਰਜ਼ ਹਨ। ਇਥੋਂ ਦੀ ਰਸੋਈ ’ਚ ਕਰੀਬ 140 ਮਹਿਮਾਨਾਂ ਦਾ ਖਾਣਾ ਤਿਆਰ ਕੀਤਾ ਜਾ ਸਕਦਾ ਹੈ। ਇਸ ਦੀਆਂ ਬਾਹਰੀ ਦੀਵਾਰਾਂ ’ਤੇ ਰੰਗ ਰੋਗਨ ਲਈ 2157 ਲੀਟਰ ਪੇਂਟ ਲਗਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕੀ ਇਤਿਹਾਸ ’ਚ ਇਸ ਨੂੰ ਕਈ ਵਾਰ ਪ੍ਰੈਜ਼ੀਡੈਂਟ ਪੈਲੇਸ ਤੇ ਕਈ ਵਾਰ ਪ੍ਰੈਜ਼ੀਡੈਂਟ ਹਾਊਸ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਈ ਵਾਰ ਐਗਜ਼ੀਕਿਊਟਿਵ ਮੈਂਸ਼ਨ ਵੀ ਕਿਹਾ ਗਿਆ ਹੈ।