PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ’ਚ ਅਕਾਲੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ: ਸੁਖਬੀਰ; ਪਟਿਆਲਾ ਪੁਲੀਸ ਦੇ ਅਧਿਕਾਰੀਆਂ ਦੀ ਆਡੀਓ ਕਲਿੱਪ ਵਾਇਰਲ

ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਆਡੀਓ ਸਾਂਝੀ ਕਰਕੇ ਦੋਸ਼ ਲਗਾਇਆ ਹੈ ਕਿ ਪੰਜਾਬ ਪੁਲੀਸ ਸੱਤਾਧਾਰੀ ਪਾਰਟੀ (ਆਪ) ਦੇ ਆਗੂਆਂ ਦੀ ਜਿੱਤ ਯਕੀਨੀ ਬਣਾ ਕੇ ਲੋਕਤੰਤਰ ਦਾ ਕਤਲ ਕਰਨ ’ਤੇ ਤੁਲੀ ਹੋਈ ਹੈ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੇ ਮੱਦੇਨਜ਼ਰ ਸਪੱਸ਼ਟ ਤੌਰ ’ਤੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਆਡੀਓ ਪਟਿਆਲਾ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਵਿਚਕਾਰ ਕਾਨਫਰੰਸ ਕਾਲ ਦੀ ਦੱਸੀ ਜਾਂਦੀ ਹੈ। ਇਸ ਦੌਰਾਨ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਡੀਓ ਫਰਜ਼ੀ ਤੇ AI ਜਨਰੇਟਿਡ ਹੈ ਅਤੇ ‘ਅਜਿਹੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਤੇ ਨਾ ਹੀ ਕੋਈ ਚਰਚਾ ਹੋਈ ਹੈ।’ ਉਧਰ ਪਟਿਆਲਾ ਪੁਲੀਸ ਨੇ ਵੀ ਐਕਸ ’ਤੇ ਆਪਣੇ ਅਧਿਕਾਰਤ ਹੈਂਡਲ ’ਤੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਹੈ।

ਪਟਿਆਲਾ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ‘ਤੇ ਇੱਕ ਫ਼ਰਜ਼ੀ ਏਆਈ-ਤਿਆਰ ਕੀਤਾ ਵੀਡੀਓ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜੋ ਜਨਤਾ ਨੂੰ ਗੁੰਮਰਾਹ ਕਰਨ, ਗਲਤ ਜਾਣਕਾਰੀ ਫੈਲਾਉਣ ਅਤੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੇ ਮਾੜੇ ਇਰਾਦੇ ਨਾਲ ਬਣਾਇਆ ਗਿਆ ਹੈ। ਦੋਸ਼ੀਆਂ ਵਿਰੁੱਧ ਢੁਕਵੀਂ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਪੋਸਟ ਵਿਚ ਕਿਹਾ ਗਿਆ ਕਿ ਪਟਿਆਲਾ ਪੁਲੀਸ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਗਲਤ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ। ਪੰਜਾਬ ਪੁਲੀਸ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ, ‘‘ਮੇਰੇ ਕੋਲ ਪਟਿਆਲਾ ਪੁਲੀਸ ਵੱਲੋਂ ਕੱਲ੍ਹ ਰਾਤ ਕੀਤੀ ਗਈ ਕਾਨਫਰੰਸ ਕਾਲ ਦੀ ਰਿਕਾਰਡਿੰਗ ਹੈ, ਜੋ ਜਮਹੂਰੀਅਤ ਦੀ ਉਲੰਘਣਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀਆਂ ਤਿਆਰੀਆਂ ਸਬੰਧੀ ਹੈ। ਅਤੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕੇਂਦਰਾਂ ਵੱਲ ਜਾਂਦੇ ਸਮੇਂ ਕਿਵੇਂ ਨਿਸ਼ਾਨਾ ਬਣਾਉਣਾ ਹੈ, ਉਸ ਬਾਰੇ ਹੈ।’’

‘ਪੰਜਾਬੀ ਟ੍ਰਿਬਿਊਨ’ ਹਾਲਾਂਕਿ ਅਕਾਲੀ ਆਗੂ ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਆਡੀਓ ਕਲਿੱਪ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕਰ ਸਕਦਾ, ਪਰ ਆਡੀਓ ਰਿਕਾਰਡਿੰਗ ਵਿੱਚ ਪਟਿਆਲਾ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਕਾਨੂੰਨ ਵਿਵਸਥਾ ਦੀ ਡਿਊਟੀ ਸਬੰਧੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਤੋਂ ਨਿਰਦੇਸ਼ ਲੈਂਦੇ ਸੁਣਿਆ ਜਾ ਸਕਦਾ ਹੈ। ਅਧਿਕਾਰੀ ਕਥਿਤ ਤੌਰ ’ਤੇ ਇਹ ਵੀ ਚਰਚਾ ਕਰ ਰਹੇ ਹਨ ਕਿ ਸੁਖਬੀਰ ਬਾਦਲ ਘਨੌਰ ਦਾ ਦੌਰਾ ਕਰ ਸਕਦੇ ਹਨ ਅਤੇ ਸਾਰੀਆਂ ਨਜ਼ਰਾਂ ਉਸ ਹਲਕੇ ’ਤੇ ਹੋਣਗੀਆਂ ਅਤੇ ਜੋ ਵੀ ਧੱਕਾ ਕਰਨਾ ਹੈ ਉਹ ਪਿੰਡ ਵਿੱਚ ਕੀਤਾ ਜਾਣਾ ਚਾਹੀਦਾ ਹੈ ਪਰ ਨਾਮਜ਼ਦਗੀ ਦਾਖਲ ਕਰਨ ਵਾਲੇ ਕੇਂਦਰ ਦੇ ਅੰਦਰ ਨਹੀਂ।

ਇਸ ਆਡੀਓ ਵਿੱਚ ਐਸਪੀ ਪੱਧਰ ਦੇ ਇਕ ਅਧਿਕਾਰੀ ਦੇ ਨਾਲ-ਨਾਲ ਪਟਿਆਲਾ ਦੇ ਵੱਖ-ਵੱਖ ਸਬ ਡਿਵੀਜ਼ਨਾਂ ਦੇ ਡੀਐਸਪੀ ਵੀ ਦਾਅਵਾ ਕਰ ਰਹੇ ਹਨ ਕਿ ਉਹ ਸਥਾਨਕ ਆਗੂਆਂ ਤੋਂ ਨਿਰਦੇਸ਼ ਲੈ ਰਹੇ ਹਨ ਅਤੇ ‘ਉਹ ਸੰਤੁਸ਼ਟ ਹਨ’। ਇਸ ਆਡੀਓ ਵਿੱਚ ਲਗਪਗ ਸਾਰੇ ਸਬ ਡਿਵੀਜ਼ਨਲ ਡੀਐਸਪੀਜ਼ ਦੀਆਂ ਆਵਾਜ਼ਾਂ ਹਨ ਜਿਸ ਤੋਂ ਸਪਸ਼ਟ ਹੈ ਕਿ ਵੀਰਵਾਰ, ਜੋ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ ਹੈ, ਤੋਂ ਪਹਿਲਾਂ ਸਥਾਨਕ ਸਿਆਸੀ ਲੀਡਰਸ਼ਿਪ ਨੂੰ ਵਿਸ਼ਵਾਸ ਵਿੱਚ ਲਿਆ ਗਿਆ ਹੈ।

ਅੱਜ ਸਵੇਰੇ ਕੁਝ ਹੀ ਮਿੰਟਾਂ ਵਿਚ ਵਾਇਰਲ ਹੋਈ ਇਸ ਆਡੀਓ ਕਲਿਪ ਵਿਚ ਪੁਲੀਸ ਅਧਿਕਾਰੀ ਇਹ ਕਹਿੰਦੇ ਸੁਣਦੇ ਹਨ ਕਿ ‘ਪ੍ਰਸ਼ਾਸਨ ਜ਼ਬਰਦਸਤੀ ਕਰਨ ਤੋਂ ਮਨ੍ਹਾਂ ਨਹੀਂ ਕਰਦਾ। ਉਹ ਸਾਫ਼ ਕਹਿੰਦੇ ਹਨ ਕਿ ਸਥਾਨਕ ਚੋਣਾਂ ਵਿਚ ਇੰਝ ਹੀ ਹੋਣਾ ਚਾਹੀਦਾ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਟਾਰਗੈਟ ਕਰਨਾ ਹੈ, ਰੋਕਣਾ ਹੈ, ਬਾਹਰ ਤੋਂ, ਉਸ ਦੇ ਪਿੰਡ ਜਾਂ ਰਾਹ ਵਿਚ ਰੋਕਣਾ ਹੈ, ਨਾਮਜ਼ਦਗੀ ਫਾਈਲਿੰਗ ਸੈਂਟਰ ਪਹੁੰਚ ਕੇ ਪੇਪਰ ਨਹੀਂ ਫਾੜਨੇ ਚਾਹੀਦੇ।’’ ਕਾਨਫਰੰਸ ਕਾਲ ਵਿੱਚ ਸ਼ਾਮਲ ਡੀਐਸਪੀਜ਼ ਨੂੰ ਇਹ ਸਵੀਕਾਰ ਕਰਦੇ ਸੁਣਿਆ ਜਾ ਸਕਦਾ ਹੈ ਕਿ ਉਹ ਲੀਡਰਸ਼ਿਪ ਤੋਂ ਨਿਰਦੇਸ਼ ਲੈਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ‘ਨਾਮਜ਼ਦਗੀ ਕੇਂਦਰਾਂ ਦੇ ਅੰਦਰ ਕਿਸੇ ਨੂੰ ਵੀ ਨਿਸ਼ਾਨਾ ਨਾ ਬਣਾਇਆ ਜਾਵੇ, ਪਰ ਰਸਤੇ ਵਿੱਚ ਜਾਂ ਘਰ ਵਿੱਚ।” ਇੱਕ ਹੋਰ ਡੀਐਸਪੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਜ਼ਰੂਰੀ ਨਿਰਦੇਸ਼ਾਂ ਲਈ ਵਿਧਾਇਕ ਅਤੇ ਉਸ ਦੀ ਟੀਮ ਦੇ ਸੰਪਰਕ ਵਿੱਚ ਹੈ।

ਉਧਰ ਸੁਖਬੀਰ ਬਾਦਲ ਦੇ ਸਲਾਹਕਾਰ ਅਜੈਦੀਪ ਸਿੰਘ ਨੇ ਉਪਰੋਕਤ ਆਡੀਓ ਪੋਸਟ ਕਰਨ ਦੀ ਪੁਸ਼ਟੀ ਕੀਤੀ ਹੈ। ਆਡੀਓ ਦੀ ਭਰੋਸੇਯੋਗਤਾ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੇ ਆਪਣੇ ਅਕਾਊਂਟ ਤੋਂ ਇਹ ਸਾਂਝੀ ਕੀਤੀ ਹੈ ਤਾਂ ਇਹ ਸਵਾਲ ਹੀ ਨਹੀਂ ਬਣਦਾ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਸੁਖਬੀਰ ਬਾਦਲ ਦੀ ਨਾਭਾ ਜੇਲ੍ਹ ਫੇਰੀ ਮੌਕੇ ਉਨ੍ਹਾਂ ਨੇ ਉਕਤ ਐੱਸ ਐੱਸ ਪੀ ਖਿਲਾਫ਼ ਜਨਤਕ ਰੂਪ ਵਿੱਚ ਜਮ ਕੇ ਗੁੱਸਾ ਜ਼ਾਹਿਰ ਕੀਤਾ ਸੀ।

Related posts

Sidhu Moosewala Murder Case : ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਹੋਇਆ ਭਗੌੜਾ, ਕੈਲੀਫੋਰਨੀਆ ’ਚ ਬਣਾਇਆ ਨਵਾਂ ਟਿਕਾਣਾ

On Punjab

ਕਸ਼ਮੀਰ ‘ਚ ਤਣਾਅ ਮਗਰੋਂ ਪਾਕਿਸਤਾਨ ‘ਚ ਵੀ ਹਿੱਲਜੁਲ

On Punjab

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ਤੇ ਅਧਾਰਤ ਫਿਲਮ 20 ਦਸੰਬਰ ਨੂੰ OTT ‘ਤੇ ਹੋਵੇਗੀ ਸਟ੍ਰੀਮ

On Punjab