PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਥੇਦਾਰ ਗੜਗੱਜ ਵੱਲੋਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ਾਂਤੀ ਬਹਾਲੀ ਯਤਨ ਕਰਨ ਦੀ ਅਪੀਲ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖ਼ੀ ਅਤੇ ਇੱਕ ਦੂਜੇ ਉੱਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੁਣਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ।

ਜਥੇਦਾਰ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਅਪਰੇਸ਼ਨ ਸਿੰਦੂਰ (Operation Sindoor) ਦੇ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੁਣਛ ਵਿਚ ਕੀਤੀ ਗਈ ਗੋਲਾਬਾਰੀ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੇਂਦਰੀ ਉੱਤੇ ਹਮਲਾ ਕੀਤਾ ਗਿਆ ਹੈ। ਪੁਣਛ ਵਿਖੇ ਹੋਏ ਹਮਲਿਆਂ ਦੌਰਾਨ ਤਿੰਨ ਗੁਰਸਿੱਖ – ਭਾਈ ਅਮਰੀਕ ਸਿੰਘ ਰਾਗੀ, ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਹਨ।

ਇਸ ਤੋਂ ਇਲਾਵਾ ਮਾਨਕੋਟ ਖੇਤਰ ਵਿੱਚ ਇੱਕ ਸਿੱਖ ਬੀਬੀ ਰੂਬੀ ਕੌਰ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੌਰਾਨ ਪੁਣਛ ਵਿਖੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਜਥੇਦਾਰ ਨੇ ਪੁਣਛ ਵਿਖੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਵੀ ਕੀਤੀ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਜੰਗ ਹਮੇਸ਼ਾ ਹੀ ਮਨੁੱਖਤਾ ਦਾ ਵੱਡਾ ਘਾਣ ਕਰਦੀ ਹੈ, ਜਿਸ ਵਿੱਚ ਬੇਗੁਨਾਹ ਲੋਕ ਵੀ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਹਨ। ਇਸ ਲਈ ਮੌਜੂਦਾ ਸਥਿਤੀ ਨੂੰ ਸ਼ਾਂਤੀਪੂਰਵਕ ਕਰਨ ਲਈ ਵੱਧ ਤੋਂ ਵੱਧ ਯਤਨ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਦੋਵੇ ਦੇਸ਼ਾਂ ਨੇ 1947 ਤੋਂ ਲੈ ਕੇ ਹੁਣ ਤੱਕ ਆਪਸੀ ਕੁੜੱਤਣ ਕਾਰਨ ਵੱਡੇ ਨੁਕਸਾਨ ਝੱਲੇ ਹਨ, ਜਿਸ ਵਿੱਚ ਖ਼ਾਸਕਰ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਹਿੰਦੂਆਂ ਤੇ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ ਹੈ।

ਜਥੇਦਾਰ ਨੇ ਕਿਹਾ ਕਿ ਬਾਰਡਰ ਉੱਤੇ ਵੱਸਦੇ ਲੋਕ ਇਸ ਤਣਾਅ ਵਾਲੀ ਸਥਿਤੀ ਵਿੱਚ ਇੱਕ ਦੂਜੇ ਦਾ ਸਾਥ ਦੇਣ ਅਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੌਸਲਾ ਬਣਾਈ ਰੱਖਣ ਅਤੇ ਸ਼ਾਂਤੀ ਬਹਾਲੀ ਲਈ ਗੁਰੂ ਚਰਨਾਂ ’ਚ ਅਰਦਾਸ ਕਰਨ। ਜਥੇਦਾਰ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਸ ਖੇਤਰ ਅੰਦਰ ਹਮੇਸ਼ਾ ਅਮਨ-ਸ਼ਾਂਤੀ ਕਾਇਮ ਰਹੇ।

Related posts

ਤਰਨ ਤਾਰਨ ’ਚ ਅਕਾਲੀ ਦਲ ਵੱਡਾ ਝਟਕਾ; ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ‘ਆਪ’ ਵਿੱਚ ਸ਼ਾਮਲ

On Punjab

ਪਾਕਿਸਤਾਨ ਨੇ IMF ਦੀ ਮੰਨੀ ਇੱਕ ਹੋਰ ਸ਼ਰਤ, ਜਲਦ ਹੀ ਵਿਆਜ ਦਰਾਂ ‘ਚ ਕਰ ਸਕਦਾ ਹੈ 200 ਬੇਸਿਸ ਪੁਆਇੰਟਸ ਦਾ ਵਾਧਾ

On Punjab

ਅਮਰੀਕਾ ’ਚ ਬੱਚਿਆਂ ਤੇ ਔਰਤਾਂ ਦੀਆਂ ਨਗਨ ਤਸਵੀਰਾਂ ਲੈਣ ਤੇ ਵੀਡੀਓ ਬਣਾਉਣ ਵਾਲਾ ਭਾਰਤੀ ਡਾਕਟਰ ਕਾਬੂ

On Punjab