ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਅੱਜ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ (74) ਦੇ ਅਸਤੀਫੇ ਨੂੰ ਨੋਟੀਫਾਈ ਕਰ ਦਿੱਤਾ ਹੈ। ਇੱਕ ਦਿਨ ਪਹਿਲਾਂ ਧਨਖੜ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦਿਆਂ ਤੁਰੰਤ ਪ੍ਰਭਾਵ ਨਾਲ ਅਹੁਦਾ ਛੱਡਣ ਦੀ ਜਾਣਕਾਰੀ ਦਿੱਤੀ ਸੀ। ਜਗਦੀਪ ਧਨਖੜ ਦੇ ਅਸਤੀਫਾ ਦੇਣ ਮਗਰੋਂ ਅੱਜ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਸਦਨ ਦੀ ਕਾਰਵਾਈ ਚਲਾਈ। ਉਨ੍ਹਾਂ ਅੱਜ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕੀਤੀ ਹੈ।ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੇ ਦਸਤਖ਼ਤਾਂ ਹੇਠਲੇ ਇੱਕ ਗਜ਼ਟ ਨੋਟੀਫਿਕੇਸ਼ਨ ’ਚ ਗ੍ਰਹਿ ਮੰਤਰਾਲੇ ਨੇ ਧਨਖੜ ਦੇ ਅਸਤੀਫੇ ਦਾ ਪੱਤਰ ਜਨਤਕ ਕੀਤਾ ਜਿਸ ਨੂੰ ਲੰਘੀ ਸ਼ਾਮ ਜਾਰੀ ਕੀਤਾ ਗਿਆ ਸੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦਾ ਅਸਤੀਫਾ (ਆਮ ਜਾਣਕਾਰੀ ਲਈ) ਪ੍ਰਕਾਸ਼ਿਤ ਕੀਤਾ ਜਾਂਦਾ ਹੈ।’ ਇਸ ਤੋਂ ਪਹਿਲਾਂ ਰਾਜ ਸਭਾ ’ਚ ਅੱਜ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਸ਼ਨ ਕਾਲ ਲਈ ਉਪਰਲੇ ਸਦਨ ਦੀ ਮੀਟਿੰਗ ਦੁਪਹਿਰ 12 ਵਜੇ ਜਦੋਂ ਸ਼ੁਰੂ ਹੋਈ ਤਾਂ ਚੇਅਰਮੈਨ ਦੇ ਆਸਨ ’ਤੇ ਬਿਰਾਜਮਾਨ ਘਨਸ਼ਿਆਮ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਇੱਕ ਜ਼ਰੂਰੀ ਸੂਚਨਾ ਸਦਨ ਨੂੰ ਦੇਣੀ ਹੈ। ਤਿਵਾੜੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸੰਵਿਧਾਨ ਦੀ ਧਾਰਾ 67 (ਏ) ਤਹਿਤ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਤੁਰੰਤ ਪ੍ਰਭਾਵ ਦੇ ਅਸਤੀਫੇ ਸਬੰਧੀ 22 ਜੁਲਾਈ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸੇ ਦਰਮਿਆਨ ਅੱਜ ਸ਼ਾਮ ਤੱਕ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਦਾਅਵੇਦਾਰ ਵਜੋਂ ਚਰਚਾ ਤੇਜ਼ ਹੋ ਗਈ ਹੈ। ਹਰਿਵੰਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਨੇ ਇਸ ਗੱਲ ਨੂੰ ਹੋਰ ਹਵਾ ਦਿੱਤੀ ਹੈ। ਨਾਲ ਇਹ ਤੱਥ ਵੀ ਹਨ ਕਿ ਉਹ ਚੋਣ ਆਧਾਰਿਤ ਸੂਬੇ ਬਿਹਾਰ ਨਾਲ ਸਬੰਧ ਰੱਖਦੇ ਹਨ ਤੇ ਹਾਕਮ ਧਿਰ ਭਾਜਪਾ ਭਾਰਤ ਦੇ ਦੂਜੇ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ ਦੇ ਆਲੇ-ਦੁਆਲੇ ਨਵੇਂ ਸਿਆਸੀ ਸੰਕੇਤ ਰਾਹੀਂ ਪੂਰਬੀ ਰਾਜ ’ਚ ਵੱਡਾ ਲਾਹਾ ਲੈ ਸਕਦੀ ਹੈ।
ਸੂਤਰਾਂ ਨੇ ਦੱਸਿਆ ਕਿ ਸਾਬਕਾ ਉਪ ਰਾਸ਼ਟਰਪਤੀ ਵੱਲੋਂ ਬੀਤੇ ਦਿਨ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਲਈ ਵਿਰੋਧੀ ਧਿਰ ਦੇ ਅਗਵਾਈ ਹੇਠਲੇ ਮਤੇ ਨੂੰ ਸਵੀਕਾਰ ਕਰਨਾ ਤੇ ਫਿਰ ਰਾਜ ਸਭਾ ’ਚ ਇਸ ਦਾ ਜ਼ਿਕਰ ਕਰਨਾ ਸਰਕਾਰ ਨੂੰ ਪਸੰਦ ਨਹੀਂ ਆਇਆ। ਇਸ ਕਦਮ ਨੇ ਸਰਕਾਰ ਦੀ ਪੂਰੀ ਗਿਣਤੀ-ਮਿਣਤੀ ਬਦਲ ਦਿੱਤੀ ਜਿਸ ਨੇ ਜਸਟਿਸ ਵਰਮਾ ਨੂੰ ਹਟਾਉਣ ਦੀ ਕਾਰਵਾਈ ਲੋਕ ਸਭਾ ’ਚ ਚਲਾਉਣ ਦੀ ਯੋਜਨਾ ਬਣਾਈ ਸੀ ਤੇ ਰਿਜਿਜੂ ਰਾਹੀਂ ਖੁੱਲ੍ਹੇ ਤੌਰ ’ਤੇ ਇਸ ਦੀ ਗੱਲ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਧਨਖੜ ਨੇ ਸਰਕਾਰ ਨੂੰ ਵਿਰੋਧੀ ਧਿਰ ਦੇ ਮਤੇ ਬਾਰੇ ਸੂਚਿਤ ਵੀ ਨਹੀਂ ਕੀਤਾ ਸੀ ਜਿਸ ’ਤੇ ਹਾਕਮ ਧਿਰ ਦੇ ਸੰਸਦ ਮੈਂਬਰ ਦਸਤਖ਼ਤ ਕਰਨ ਤੋਂ ਅਸਮਰੱਥ ਸਨ। ਇੱਕ ਸੂਤਰ ਨੇ ਦੱਸਿਆ ਕਿ ਜਦੋਂ ਦੋਵਾਂ ਸਦਨਾਂ ’ਚ ਇੱਕੋ ਸਮੇਂ ਮਤੇ ਆ ਗਏ ਤਾਂ ਪ੍ਰਕਿਰਿਆ ਪੂਰੀ ਤਰ੍ਹਾਂ ਬਦਲ ਗਈ। ਇਸ ਮਤੇ ’ਤੇ ਕਾਰਵਾਈ ਰਾਜ ਸਭਾ ’ਚ ਹੋਣ ਨਾਲ ਉੱਚ ਨਿਆਂਪਾਲਿਕਾ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਨ ਦੀ ਸਰਕਾਰ ਦੀ ਗੱਲ ਵਿਰੋਧੀ ਧਿਰ ਦੇ ਪਾਲੇ ’ਚ ਚਲੀ ਜਾਂਦੀ ਜਿਸ ਨੂੰ ਸਰਕਾਰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਅਧਿਕਾਰਤ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਸੀਨੀਅਰ ਮੰਤਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਧਨਖੜ ਵੱਲੋਂ ਮਤੇ ਬਾਰੇ ਸਰਕਾਰ ਨੂੰ ਸੂਚਿਤ ਨਾਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸੇ ਘਟਨਾਕ੍ਰਮ ਵਿਚਾਲੇ ਨੱਢਾ ਤੇ ਰਿਜਿਜੂ ਨੇ ਹਾਊਸ ਬਿਜ਼ਨਸ ਕਮੇਟੀ ਦੀ ਮੀਟਿੰਗ ਛੱਡ ਦਿੱਤੀ ਸੀ ਜਿਸ ਦੀ ਪ੍ਰਧਾਨਗੀ ਧਨਖੜ ਨੇ ਸ਼ਾਮ 4.30 ਵਜੇ ਕਰਨੀ ਸੀ। ਧਨਖੜ ਦੇ ਜਾਣ ਮਗਰੋਂ ਸਰਕਾਰ ਨੇ ਅੱਜ ਜਸਟਿਸ ਵਰਮਾ ਨੂੰ ਹਟਾਉਣ ਲਈ ਲੋਕ ਸਭਾ ’ਚ ਮਤਾ ਪੇਸ਼ ਕਰਨ ਦੀ ਆਪਣੀ ਮੂਲ ਯੋਜਨਾ ਮੁੜ ਤੋਂ ਸ਼ੁਰੂ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸ਼ਾਮ ਸਪੀਕਰ ਬਿਰਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਸੀਨੀਅਰ ਮੰਤਰੀਆਂ ਨੇ ਸੰਸਦ ’ਚ ਸਪੀਕਰ ਨਾਲ ਮੁਲਾਕਾਤ ਕੀਤੀ। ਇੱਕ ਵਾਰ ਸਪੀਕਰ ਸਾਰੀਆਂ ਪਾਰਟੀਆਂ ਦੇ 152 ਸੰਸਦ ਮੈਂਬਰਾਂ ਵੱਲੋਂ ਲਿਆਂਦੇ ਮਤੇ ਨੂੰ ਲੋਕ ਸਭਾ ’ਚ ਸਵੀਕਾਰ ਕਰ ਲੈਂਦੇ ਹਨ ਤਾਂ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਜਾਵੇਗੀ ਜਿਸ ਨਾਲ ਹੇਠਲੇ ਸਦਨ ’ਚ ਜੱਜ ਨੂੰ ਹਟਾਉਣ ਦੀ ਕਾਰਵਾਈ ਦਾ ਰਾਹ ਪੱਧਰਾ ਹੋ ਜਾਵੇਗਾ।
ਧਨਖੜ ਨੇ ਕਈ ਭੂਮਿਕਾਵਾਂ ’ਚ ਦੇਸ਼ ਸੇਵਾ ਕੀਤੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਜਗਦੀਪ ਧਨਖੜ ਦੇ ਅਸਤੀਫੇ ਮਗਰੋਂ ਅੱਜ ਕਿਹਾ ਕਿ ਉਨ੍ਹਾਂ ਨੂੰ ਕਈ ਭੂਮਿਕਾਵਾਂ ’ਚ ਦੇਸ਼ ਦੀ ਸੇਵਾ ਦਾ ਮੌਕਾ ਮਿਲਿਆ ਹੈ ਅਤੇ ਉਹ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਲਿਖਿਆ, ‘ਸ੍ਰੀ ਜਗਦੀਪ ਧਨਖੜ ਜੀ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਸਮੇਤ ਕਈ ਭੂਮਿਕਾਵਾਂ ’ਚ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’
ਨਵੇਂ ਉਪ ਰਾਸ਼ਟਰਪਤੀ ਦੀ ਜਲਦੀ ਕਰਨੀ ਪਵੇਗੀ ਚੋਣ- ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਦੀ ਪ੍ਰਕਿਰਿਆ ‘ਜਲਦੀ’ ਪੂਰੀ ਕਰਨੀ ਪਵੇਗੀ। ਸੰਵਿਧਾਨ ਦੀ ਧਾਰਾ 68 ਦੀ ਉਪ-ਧਾਰਾ 2 ਵਿੱਚ ਇਹ ਵਿਵਸਥਾ ਹੈ ਕਿ ਉਪ-ਰਾਸ਼ਟਰਪਤੀ ਦੀ ਮੌਤ, ਅਸਤੀਫ਼ਾ ਦੇਣ, ਹਟਾਏ ਜਾਣ ਜਾਂ ਕਿਸੇ ਹੋਰ ਕਾਰਨ ਕਰਕੇ ਖਾਲੀ ਪਈ ਜਗ੍ਹਾ ਭਰਨ ਲਈ ਚੋਣ ‘ਜਿੰਨੀ ਜਲਦੀ ਹੋ ਸਕੇ’, ਕਰਵਾਈ ਜਾਵੇਗੀ। ਇਸ ਅਨੁਸਾਰ ਚੁਣਿਆ ਗਿਆ ਵਿਅਕਤੀ ਧਾਰਾ 67 ਤਹਿਤ ਆਪਣਾ ਅਹੁਦਾ ਸੰਭਾਲਣ ਦੀ ਮਿਤੀ ਤੋਂ ਪੰਜ ਸਾਲਾਂ ਦੀ ਪੂਰੀ ਮਿਆਦ ਲਈ ਅਹੁਦਾ ਸੰਭਾਲਣ ਦਾ ਹੱਕਦਾਰ ਹੋਵੇਗਾ।
ਉਪ ਰਾਸ਼ਟਰਪਤੀ ਦੋਹਰੀ ਭੂਮਿਕਾ ਨਿਭਾਉਂਦੇ ਹਨ। ਉਹ ਰਾਜ ਸਭਾ ਦੀ ਪ੍ਰਧਾਨਗੀ ਕਰਦੇ ਹਨ ਅਤੇ ਕੁਝ ਖਾਸ ਸਥਿਤੀਆਂ ਵਿੱਚ ਰਾਸ਼ਟਰਪਤੀ ਵਜੋਂ ਵੀ ਕੰਮ ਕਰਦੇ ਹਨ। ਉਪ ਰਾਸ਼ਟਰਪਤੀ ਦੇ ਅਸਤੀਫਾ ਦੇਣ ’ਤੇ ਰਾਜ ਸਭਾ ਦੇ ਉਪ ਚੇਅਰਮੈਨ ਤੋਂ ਉੱਚ ਸਦਨ ਸਬੰਧੀ ਡਿਊਟੀਆਂ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਪ ਰਾਸ਼ਟਰਪਤੀ ਦੇ ਫਰਜ਼ ਕੌਣ ਨਿਭਾਏਗਾ।
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ, 1952 ਦੀ ਧਾਰਾ 4(3) ਅਨੁਸਾਰ ਚੋਣ ਲਈ ਨੋਟੀਫਿਕੇਸ਼ਨ ਪਿਛਲੇ ਉਪ-ਰਾਸ਼ਟਰਪਤੀ ਦੇ ਕਾਰਜਕਾਲ ਦੀ ਸਮਾਪਤੀ ਤੋਂ ਸੱਠਵੇਂ ਦਿਨ ਜਾਂ ਇਸ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਹਾਲਾਂਕਿ ਧਾਰਾ 4(4) ਕਹਿੰਦੀ ਹੈ ਕਿ ਮੌਤ, ਅਸਤੀਫ਼ਾ ਜਾਂ ਹਟਾਏ ਜਾਣ ਕਾਰਨ ਖਾਲੀ ਪਏ ਅਹੁਦੇ ਨੂੰ ਭਰਨ ਲਈ ਚੋਣ ਦੇ ਮਾਮਲੇ ਵਿੱਚ ਉਪ-ਧਾਰਾ (1) ਤਹਿਤ ਨੋਟੀਫਿਕੇਸ਼ਨ ਜਿੰਨੀ ਜਲਦੀ ਹੋ ਸਕੇ, ਜਾਰੀ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਹੁਣ ਚੋਣ ਕਮਿਸ਼ਨ ਨੂੰ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਪ੍ਰੋਗਰਾਮ ਦਾ ਐਲਾਨ ਕਰਨਾ ਪਵੇਗਾ।
ਧਨਖੜ ਦਾ ਅਸਤੀਫਾ ਸੱਤਾ ਦੇ ਬਦਲਦੇ ਸਮੀਕਰਨਾਂ ਦਾ ਪ੍ਰਗਟਾਵਾ: ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਬੇਸ਼ਕ ਆਪਣੇ ਅਸਤੀਫੇ ’ਚ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਪਰ ਇਹ ਅਚਾਨਕ ਦਿੱਤਾ ਗਿਆ ਅਸਤੀਫਾ ਸਪੱਸ਼ਟ ਤੌਰ ’ਤੇ ਹਾਕਮ ਧਿਰ ਅੰਦਰ ਬਦਲੀਆਂ ਹੋਈਆਂ ਸਿਆਸੀ ਤਰਜੀਹਾਂ ਤੇ ਸੱਤਾ ਸਮੀਕਰਨਾਂ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਦੇ ਅਸਤੀਫੇ ਦੇ ਅਸਲ ਕਾਰਨ ਭਾਵੇਂ ਜੋ ਵੀ ਰਹੇ ਹੋਣ, ਰਾਜ ਸਭਾ ਦੇ ਚੇਅਰਮੈਨ ਵਜੋਂ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।
ਉਨ੍ਹਾਂ ਕਿਹਾ ਕਿ ਜਨਤਕ ਭਾਸ਼ਣਾਂ ਨਾਲ ਵਿਰੋਧੀ ਧਿਰ ਦੇ ਮਤਭੇਦਾਂ ਦੇ ਬਾਵਜੂਦ ਉਨ੍ਹਾਂ ਦਾ ਸਹਿਜਤਾ, ਵਿਅਕਤੀਗਤ ਖਿੱਚ, ਨਿਮਰਤਾ ਤੇ ਦੋਸਤਾਂ ਪ੍ਰਤੀ ਸੱਚੀ ਗਰਮਜੋਸ਼ੀ ਨੇ ਉਨ੍ਹਾਂ ਨੂੰ ਸਿਆਸੀ ਜਗਤ ’ਚ ਕਾਫੀ ਸਨਮਾਨ ਦਿਵਾਇਆ ਹੈ। ਉਨ੍ਹਾਂ ਦੀ ਵਿਦਵਤਾ, ਸੰਵਿਧਾਨਕ ਕਾਨੂੰਨਾਂ ਦੇ ਗਿਆਨ ਅਤੇ ਪ੍ਰਮੁੱਖ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਉਣ ਦੀ ਇੱਛਾ ਨੇ ਸਾਡੇ ਲੋਕਤੰਤਰ ਨੂੰ ਚੁਣੌਤੀ ਦੇਣ ਵਾਲੇ ਅਹਿਮ ਮੁੱਦਿਆਂ ’ਤੇ ਇੱਕ ਰਚਨਾਤਮਕ ਕੌਮੀ ਸੰਵਾਦ ਨੂੰ ਪ੍ਰੇਰਿਤ ਕੀਤਾ ਹੈ।
ਰਾਜਨੀਤੀ ’ਚ ਕੋਈ ਅੰਤ ਨਹੀਂ ਹੁੰਦਾ। ਉਮੀਦ ਹੈ ਕਿ ਜਗਦੀਪ ਧਨਖੜ ਜਨਤਕ ਖੇਤਰ ’ਚ ਸਰਗਰਮ ਰਹਿਣਗੇ ਅਤੇ ਆਪਣਾ ਰਾਜਨੀਤਕ ਜੀਵਨ ਜਾਰੀ ਰੱਖਣਗੇ।