PreetNama
ਖਬਰਾਂ/News

ਚੰਡੀਗੜ੍ਹ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਸਿਆਸਤ ਭਖ਼ੀ

ਚੰਡੀਗੜ੍ਹ-ਇਸ ਸਾਲ ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਸ਼ਹਿਰ ਦੇ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਮੇਅਰ ਦੀ ਚੋਣ ਲਈ ਭਾਜਪਾ ਵਿਰੁੱਧ ‘ਆਪ’ ਅਤੇ ਕਾਂਗਰਸ ਗੱਠਜੋੜ ਚੋਣ ਲੜ ਰਿਹਾ ਹੈ। ਚੋਣਾਂ ਨੇੜੇ ਆਉਂਦਿਆਂ ਹੀ ਸ਼ਹਿਰ ਦਾ ਰਾਜਨੀਤਕ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ‘ਆਪ’ ਅਤੇ ਕਾਂਗਰਸ ਗੱਠਜੋੜ ਨੇ ਭਾਜਪਾ ਵੱਲੋਂ ਆਪਣੇ ਕੌਂਸਲਰਾਂ ਨੂੰ ਭਰਮਾਉਣ ਦੇ ਡਰ ਤੋਂ ਚੌਕਸੀ ਵਜੋਂ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ‘ਸੁਰੱਖਿਅਤ’ ਥਾਵਾਂ ’ਤੇ ਭੇਜ ਦਿੱਤਾ ਹੈ।

ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਲੁਧਿਆਣਾ ਵਿੱਚ ਡੇਰਾ ਲਾ ਕੇ ਬੈਠੇ ਹਨ ਜਦੋਂਕਿ ‘ਆਪ’ ਕੌਂਸਲਰਾਂ ਨੂੰ ਰੋਪੜ ਦੇ ਇੱਕ ਰਿਜ਼ੌਰਟ ਵਿੱਚ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕੌਂਸਲਰ ਚੋਣ ਵਾਲੇ ਦਿਨ 30 ਜਨਵਰੀ ਨੂੰ ਸਿੱਧਾ ਨਗਰ ਨਿਗਮ ਭਵਨ ਪਹੁੰਚਣਗੇ ਅਤੇ ਮੇਅਰ ਚੋਣ ਲਈ ਵੋਟਿੰਗ ਵਿੱਚ ਹਿੱਸਾ ਲੈਣਗੇ। ਮੇਅਰ ਚੋਣਾਂ ਵਿੱਚ ਮੁੱਖ ਮੁਕਾਬਲਾ ‘ਆਪ’ ਦੀ ਪ੍ਰੇਮਲਤਾ ਅਤੇ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਵਿਚਕਾਰ ਹੋਵੇਗਾ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਭਾਜਪਾ ਦੀ ਬਿਮਲਾ ਦੂਬੇ ਚੋਣ ਮੈਦਾਨ ਵਿੱਚ ਹਨ ਜਦੋਂਕਿ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਤਰੁਣਾ ਮਹਿਤਾ ਅਤੇ ਭਾਜਪਾ ਦੇ ਲਖਬੀਰ ਬਿੱਲੂ ਆਹਮੋ-ਸਾਹਮਣੇ ਹਨ।

ਇਸ ਵਾਰ ਮੇਅਰ ਦੇ ਅਹੁਦੇ ਦੀ ਮਹਿਲਾ ਉਮੀਦਵਾਰ ਕਾਂਗਰਸ ਦੀ ਗੁਰਬਖਸ਼ ਰਾਵਤ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਇਸ ਚੋਣ ਸਬੰਧੀ ਰਾਜਨੀਤਿਕ ਪਾਰਟੀਆਂ ਵਿੱਚ ਸਿਆਸੀ ਤਣਾਅ ਹੋਰ ਵਧ ਗਿਆ। ਇਸ ਘਟਨਾਕ੍ਰਮ ਕਾਰਨ ਨਿਗਮ ਵਿੱਚ ਬਹੁਮਤ ਹੋਣ ਦੇ ਬਾਵਜੂਦ ‘ਆਪ’-ਕਾਂਗਰਸ ਗੱਠਜੋੜ ਚੌਕਸ ਹੋ ਗਿਆ ਹੈ। ਦੂਜੇ ਪਾਸੇ, ਭਾਜਪਾ ਦੇ ਮੇਅਰ ਦੀ ਚੋਣ ਜਿੱਤਣ ਦੇ ਦਾਅਵੇ ਨੇ ‘ਆਪ’-ਕਾਂਗਰਸ ਗੱਠਜੋੜ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸੇ ਕਾਰਨ ‘ਆਪ’ ਅਤੇ ਕਾਂਗਰਸ, ਦੋਵਾਂ ਪਾਰਟੀਆਂ ਨੇ ਆਪਣੇ ਕੌਂਸਲਰਾਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਵਜੋਂ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਹੈ। ਦੋਵੇਂ ਪਾਰਟੀਆਂ ਵੱਲੋਂ ਆਪੋ-ਆਪਣੇ ਕੌਂਸਲਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

 

Related posts

ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ

On Punjab

ਚੋਣਾਂ ‘ਚ ਤਾਂ ਨਹੀਂ ਵਰਤਾਈ ਜਾਣੀ ਸੀ ਸ਼ਰਾਬ

Pritpal Kaur

ਵਿੱਦਿਅਕ ਸੈਸ਼ਨ ਦੀ ਸਮਾਪਤੀ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਵਾਏ ਪਾਠ

Pritpal Kaur