ਬਠਿੰਡਾ: ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਕਤਸਰ ਪੁਲੀਸ ਨੇ ਅੱਜਬਠਿੰਡਾ ਦੇ ਮਾਨਸਾ ਰੋਡ ‘ਤੇ ਚੱਲ ਰਹੀ ਇੱਕ ਗੈਰ-ਕਾਨੂੰਨੀ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਨੂੰ ਸੀਲ ਕਰਨ ਦਾ ਦਾਅਵਾ ਕੀਤਾ ਹੈ,ਜਿਸ ਦੇ ਨਤੀਜੇ ਵਜੋਂ ਲਗਪਗ 3.5 ਲੱਖ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ,ਜੋ ਕਿ ਨਸ਼ੇੜੀਆਂ ਦੁਆਰਾ ਵਰਤੀਆਂ ਜਾਂਦੀਆਂ ਹਨ। ਮੁਕਤਸਰ ਦੇ ਐੱਸ ਐੱਸ ਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਇਹ ਜਾਂਚ ਪਿਛਲੇ ਸਾਲ 26 ਨਵੰਬਰ ਨੂੰ ਕਿੱਲਿਆਂਵਾਲੀ ਥਾਣੇ ਵਿੱਚ ਐਨ ਡੀ ਪੀ ਐੱਸ ਐਕਟ ਤਹਿਤ ਦਰਜ ਕੀਤੇ ਗਏ ਇੱਕ ਕੇਸ ਤੋਂ ਸ਼ੁਰੂ ਹੋਈ ਸੀ,ਜਿਸ ਵਿੱਚ ਮੰਡੀ ਕਿੱਲਿਆਂਵਾਲੀ ਦੇ ਦੋ ਭਰਾਵਾਂ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ ਨੂੰ 20 ਐਟੀਜ਼ੋਲਮ ਗੋਲੀਆਂ,80 ਪ੍ਰੀਗਾਬਾਲਿਨ ਕੈਪਸੂਲ ਅਤੇ 7.26 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਪੁੱਛਗਿੱਛ ਦੌਰਾਨ ਉਨ੍ਹਾਂ ਦੇ ਭਰਾ ਕ੍ਰਿਸ਼ਨ ਕੁਮਾਰ ਅਤੇ ਇੱਕ ਹੋਰ ਸਾਥੀ ਵੰਸ਼ ਕਵਾਤਰਾ,ਜੋ ਹਰਿਆਣਾ ਦੇ ਮੰਡੀ ਡੱਬਵਾਲੀ ਵਿੱਚ ਮੈਡੀਕਲ ਸਟੋਰ ਦਾ ਮਾਲਕ ਹੈ,ਦੇ ਸਬੰਧ ਸਾਹਮਣੇ ਆਏ ਸਨ,ਜਿਨ੍ਹਾਂ ਨੂੰ ਬਾਅਦ ਵਿੱਚ 4 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਗਲੇ ਦਿਨ 30,000 ਟੈਪੇਂਟਾਡੋਲ ਗੋਲੀਆਂ ਦੀ ਇੱਕ ਹੋਰ ਖੇਪ ਬਰਾਮਦ ਕੀਤੀ ਗਈ। ਅਧਿਕਾਰੀਆਂ ਵੱਲੋਂ ਸਪਲਾਈ ਲੜੀ ਦਾ ਪਿੱਛਾ ਕਰਦੇ ਹੋਏ ਇਹ ਸੁਰਾਗ ਬਠਿੰਡਾ ਵਿੱਚ ਇੱਕ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਿਆ। ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਕੱਚਾ ਮਾਲ ਅਤੇ ਨਸ਼ੇੜੀਆਂ ਦੁਆਰਾ ਵਰਤੀਆਂ ਜਾਣ ਵਾਲੀਆਂ ਅਨੁਸੂਚਿਤ ਦਵਾਈਆਂ ਦੇ ਅਣਅਧਿਕਾਰਤ ਅਤੇ ਗੈਰ-ਕਾਨੂੰਨੀ ਨਿਰਮਾਣ ਦੇ ਸਬੂਤ ਬਰਾਮਦ ਕੀਤੇ ਗਏ। ਐੱਸ ਐੱਸ ਪੀ ਨੇ ਦਾਅਵਾ ਕੀਤਾ ਕਿ ਯੂਨਿਟ ਦਾ ਮਾਲਕ ਕੋਈ ਵੀ ਵੈਧ ਲਾਇਸੈਂਸ,ਸਪਸ਼ਟੀਕਰਨ ਜਾਂ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਫੈਕਟਰੀ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ ਅਤੇ 1,85,000 ਖੁੱਲ੍ਹੀਆਂ ਗੋਲੀਆਂ,42,350 ਜ਼ੈਂਟਾਡੋਲ ਗੋਲੀਆਂ ਅਤੇ 1,22,400 ਟੈਨੇਡੋਲ ਗੋਲੀਆਂ ਤੋਂ ਇਲਾਵਾ ਉਨ੍ਹਾਂ ਦੇ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਲਗਪਗ 10 ਕਿਲੋ ਸ਼ੱਕੀ ਕੱਚਾ ਮਾਲ ਜ਼ਬਤ ਕੀਤਾ ਗਿਆ ਹੈ।

