ਚੰਡੀਗੜ੍ਹ- ਪੰਜਾਬ ਪੁਲੀਸ ਵੱਲੋਂ ਮੰਗਲਵਾਰ 20 ਜਨਵਰੀ ਤੋਂ ਸ਼ੁਰੂ ਕੀਤੇ 72 ਘੰਟਿਆਂ ਦੇ ਬੇਮਿਸਾਲ ‘ਗੈਂਗਸਟਰਾਂ ’ਤੇ ਵਾਰ’ ਆਪ੍ਰੇਸ਼ਨ ਦੌਰਾਨ ਪੰਜਾਬ ਪੁਲੀਸ ਨੇ 61 ਵੱਡੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਬੇਨਕਾਬ ਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਓ ਜਾਣੀਏ ਇਹ ਗੈਂਗਸਟਰ ਕੌਣ ਹਨ? ਇਨ੍ਹਾਂ 61 ਗੈਂਗਸਟਰਾਂ ਦੇ 4,871 ਸਾਥੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ 3,256 ਦੀ ਰਸਮੀ ਤੌਰ ‘ਤੇ ਗ੍ਰਿਫ਼ਤਾਰੀ ਪਾਈ ਗਈ ਹੈ। ਇਹ ਅੰਕੜੇ ਪੰਜਾਬ ਵਿੱਚ ਗੈਂਗਸਟਰਾਂ ਦੇ ਖ਼ਤਰੇ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਇਹ ਗੈਂਗਸਟਰ ਕੈਨੇਡਾ ਵਿੱਚ ਜਬਰੀ ਵਸੂਲੀ ਅਤੇ ਕਤਲਾਂ ਵਿੱਚ ਵੀ ਸ਼ਾਮਲ ਸਨ। ਪਹਿਲੀ ਵਾਰ ‘ਦਿ ਟ੍ਰਿਬਿਊਨ’ ਵੱਲੋਂ ਇਨ੍ਹਾਂ ਚੋਟੀ ਦੇ 61 ਗੈਂਗਸਟਰਾਂ ਅਤੇ ਉਨ੍ਹਾਂ ਦੇ ਅਪਰਾਧਾਂ ਦੀ ਇੱਕ ਵਿਸਤ੍ਰਿਤ ਸੂਚੀ ਜਨਤਕ ਕੀਤੀ ਜਾ ਰਹੀ ਹੈ।
ਇਨ੍ਹਾਂ 61 ਗੈਂਗਸਟਰਾਂ ਵਿੱਚੋਂ ਸਭ ਤੋਂ ਉੱਪਰ ਉਹ ਹਨ ਜਿਨ੍ਹਾਂ ਖਿਲਾਫ਼ ਪੁਲੀਸ ਨਕਦ ਇਨਾਮ ਦਾ ਐਲਾਨ ਕਰਨ ਦੇ ਅਮਲ ਵਿਚ ਹੈ। ਇਹ ਹਨ ਸਤਿੰਦਰ ਸਿੰਘ, ਉਰਫ਼ ਗੋਲਡੀ ਬਰਾੜ, ਕੈਨੇਡਾ-ਅਧਾਰਤ ਗੈਂਗਸਟਰ ਜੋ ਸਿੱਧੂ ਮੂਸੇਵਾਲਾ ਕਤਲ ਵਰਗੇ ਹਾਈ-ਪ੍ਰੋਫਾਈਲ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਤੇ ਜਿਸ ਨੂੰ ਭਾਰਤ ਸਰਕਾਰ ਨੇ ਅਤਿਵਾਦੀ ਨਾਮਜ਼ਦ ਕੀਤਾ ਹੈ। ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸੰਧੂ, ਉਰਫ਼ ਰਿੰਦਾ, ਜੋ ਰਿੰਦਾ-ਲੰਡਾ ਗੈਂਗ ਦਾ ਮੁੱਖ ਸਰਗਨਾ ਹੈ। ਯੂਰਪ ਬੈਠਾ ਰੋਹਿਤ ਗੋਦਾਰਾ, ਉਰਫ਼ ਰਾਵਤਾ ਰਾਮ, ਜੋ ਬਰਾੜ-ਗੋਦਾਰਾ ਗੈਂਗ ਨਾਲ ਜੁੜਿਆ ਹੋਇਆ ਹੈ।

