72.05 F
New York, US
May 9, 2025
PreetNama
ਰਾਜਨੀਤੀ/Politics

ਖੇਡ ਮੰਤਰੀ ਨੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਦੀ ਕਾਇਆ ਕਲਪ ਲਈ ਕੀਤੇ 6 ਕਰੋੜ ਰੁਪਏ ਜਾਰੀ, ਕਿਹਾ-ਪੰਜਾਬ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਧੁਰਾ ਬਣਾਇਆ ਜਾਵੇਗਾ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਖੇਡ ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਕੌਮਾਂਤਰੀ ਪੱਧਰ ਉਤੇ ਵੱਡਾ ਨਾਮਣਾ ਖੱਟਿਆ ਹੈ। ਇਸ ਖੇਡ ਵਿੱਚ ਅੱਗੇ ਵਧਣ ਦੀ ਪੰਜਾਬੀਆਂ ਵਿੱਚ ਅਥਾਹ ਸਮਰੱਥਾ ਹੈ ਜਿਸ ਨੂੰ ਪਛਾਣਦਿਆਂ ਇਸ ਖੇਡ ਉਤੇ ਹੋਰ ਵੀ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨੂੰ ਨਿਸ਼ਾਨੇਬਾਜ਼ੀ ਦਾ ਧੁਰਾ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਉਤੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਦੀ ਕਾਇਆ ਕਲਪ ਕਰਨ ਲਈ 6 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਖੇਡ ਮੰਤਰੀ ਮੁਹਾਲੀ ਦੀ ਫੇਜ਼ 6 ਸਰਕਾਰੀ ਸ਼ੂਟਿੰਗ ਰੇਂਜ ਦਾ ਜਾਇਜ਼ਾ ਲੈਣ ਆਏ ਹੋਏ ਸਨ। ਇਸ ਮੌਕੇ ਉਨਾਂ ਦੇ ਨਾਲ ਵਿਸ਼ਵ ਕੱਪ ਵਿੱਚ ਤਮਗੇ ਜਿੱਤਣ ਵਾਲੇ ਪੰਜਾਬ ਦੇ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਤੇ ਅਰਜੁਨ ਬਬੂਟਾ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਨਾਲ ਸਨ। ਉਨਾਂ 10 ਮੀਟਰ ਦੀ ਇੰਡੋਰ ਏਅਰ ਕੰਡੀਸ਼ਨਡ ਰੇਂਜ ਅਤੇ 25 ਤੇ 50 ਮੀਟਰ ਦੀ ਰੇਂਜ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਮੀਤ ਹੇਅਰ ਨੇ ਰੇਂਜ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਲੋੜੀਂਦਾ ਬੁਨਿਆਦੀ ਢਾਂਚਾ ਵਧੀਆ ਬਣਾਉਣ ਲਈ ਆਖਿਆ।

ਖੇਡ ਮੰਤਰੀ ਨੇ ਨਿਸ਼ਾਨੇਬਾਜ਼ਾਂ ਤੋਂ ਇਹ ਵੀ ਜਾਣਕਾਰੀ ਲਈ ਕਿ ਰੇਂਜ ਅੰਦਰ ਕਿਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਹਨ ਅਤੇ ਉਨਾਂ ਦੀਆਂ ਜ਼ਰੂਰਤਾਂ ਬਾਰੇ ਵੀ ਪੁੱਛਿਆ। ਨਿਸ਼ਾਨੇਬਾਜ਼ਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਖੇਡ ਮੰਤਰੀ ਨੂੰ ਹਰ ਪੱਖ ਤੋਂ ਜਾਣੂੰ ਕਰਵਾਇਆ। ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨਿੱਜੀ ਤੌਰ ਉਤੇ ਨਿਸ਼ਾਨੇਬਾਜ਼ਾਂ ਨੂੰ ਮਿਲੇ ਸਨ ਅਤੇ ਉਨਾਂ ਦੇ ਨਿਰਦੇਸ਼ਾਂ ਉਤੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਨੂੰ ਬਿਹਤਰ ਬਣਾਉਣ ਲਈ 6 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

ਮੀਤ ਹੇਅਰ ਨੇ ਖੇਡ ਅਧਿਕਾਰੀਆਂ ਨੂੰ ਇਹ ਵੀ ਆਖਿਆ ਕਿ ਰੇਂਜ ਅੰਦਰ ਪੰਜਾਬ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾਣ ਤਾਂ ਜੋ ਨਵੀਂ ਉਮਰ ਦੇ ਨਿਸ਼ਾਨੇਬਾਜ਼ ਇਨਾਂ ਖਿਡਾਰੀਆਂ ਤੋਂ ਪ੍ਰੇਰਨਾ ਲੈ ਸਕਣ। ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ, ਨਿਸ਼ਾਨੇਬਾਜ਼ੀ ਕੋਚ ਸੁਪ੍ਰੀਤ ਧਾਲੀਵਾਲ ਤੇ ਅੰਕੁਸ਼ ਭਾਰਦਵਾਜ ਵੀ ਹਾਜ਼ਰ ਸਨ।

Related posts

ਰਾਸ਼ਿਦ ਇੰਜਨੀਅਰ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

On Punjab

Republic Day Parade 2021 : ਇਸ ਵਾਰ ਗਣਤੰਤਰ ਦਿਵਸ ’ਤੇ ਦੂਰ-ਦੂਰ ਰਹਿ ਕੇ ਪਰੇਡ ਕਰਨਗੇ NGF ਕਮਾਂਡੋ

On Punjab

PM Modi on Petrol Diesel Price: ਪੈਟਰੋਲ-ਡੀਜ਼ਲ ਦੇ ਮੁੱਦੇ ‘ਤੇ PM ਨੇ ਇਨ੍ਹਾਂ ਸੂਬਿਆਂ ਨੂੰ ਸੁਣਾਈ ਖਰੀ-ਖੋਟੀ, ਵੈਟ ਘਟਾਉਣ ਦੀ ਕੀਤੀ ਅਪੀਲ

On Punjab