ਬਰੈਪਟਨ- ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟਰਾਂਟੋ ਵੱਲੋਂ ਪੰਜਾਬ ਤੋਂ ਕੈਨੇਡਾ ਪਹੁੰਚੇ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਘਣੀਆਂ ਨੇ ਆਪਣੀਆ ਚੋਣਵੀਆਂ ਗ਼ਜ਼ਲਾਂ ਤੇ ਗੀਤ ਸਾਂਝੇ ਕਰਨ ਦੇ ਨਾਲ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਅਤੇ ਤਲਖ਼ ਤਜਰਬੇ ਵੀ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਅਜੋਕੇ ਦੌਰ ਦੀ ਕਵਿਤਾ ਵਿਚ ਸੰਸਾਰ ਪੱਧਰ ਦੇ ਅਨੁਭਵ ਪੇਸ਼ ਹੋ ਰਹੇ ਹਨ, ਜਿਸ ਨੂੰ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਦੇ ਮੁਕਾਬਲੇ ’ਤੇ ਪੜ੍ਹਿਆ ਤੇ ਵਿਚਾਰਿਆ ਜਾ ਸਕਦਾ ਹੈ। ਨਵੀਂ ਪੰਜਾਬੀ ਕਵਿਤਾ ਦਾ ਇਹ ਹਾਸਲ ਸਮਝਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਪਾਠਕਾਂ ਵਿਚ ਪੜ੍ਹਨ ਲਈ ਗੰਭੀਰ ਰੂਪ ਲਿਆਉਣਾ ਪਵੇਗਾ ਕਿਉਂਕਿ ਪੰਜਾਬੀ ਦੇ ਆਮ ਪਾਠਕਾਂ ਦੀ ਪਕੜ ਢਿੱਲੀ ਪੈ ਰਹੀ ਹੈ। ਜਿਸ ਉੱਚ ਪੱਧਰ ’ਤੇ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਹੈ, ਉਸ ਲਈ ਪਾਠਕਾਂ ਵਿਚ ਥੋੜ੍ਹਾ ਸੁਚੇਤ ਵਰਗ ਹੈ। ਪਰ ਆਮ ਪਾਠਕ ਪਛੜ ਰਿਹਾ ਹੈ ਤੇ ਇਸ ਪਾੜੇ ਨੂੰ ਦੂਰ ਕਰਨ ਦੇ ਵੀ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਆਪਣੀਆਂ ਸੱਜਰੀਆਂ ਤੇ ਆਪਣੀਆਂ ਪ੍ਰਕਾਸ਼ਤ ਪੁਸਤਕਾਂ ‘ਹਰਫ਼ਾਂ ਦੇ ਪੁਲ’ ਅਤੇ ‘ਟੂਮਾਂ’ ਵਿਚੋਂ ਰਚਨਾਵਾਂ ਸੁਣਾ ਕੇ ਚੰਗੀ ਵਾਹ-ਵਾਹ ਖੱਟੀ।
ਇਸ ਮੌਕੇ ਸ਼ਾਇਰਾਂ ਸੁਰਿੰਦਰਜੀਤ ਕੌਰ ਗਿੱਲ, ਮਲੂਕ ਸਿੰਘ ਕਾਹਲੋਂ, ਡਾ ਜਗਮੋਣ ਸੰਘਾ, ਪਰਮਜੀਤ ਦਿਓਲ, ਪਿਆਰਾ ਸਿੰਘ ਕੁਦੋਵਾਲ, ਸੁਰਜੀਤ ਕੌਰ, ਬਲਮਜੀਤ ਕੌਰ, ਰਮਿੰਦਰ ਵਾਲੀਆ, ਬਲਰਾਜ ਚੀਮਾ, ਮਕਸੂਦ ਚੌਧਰੀ, ਡਾ ਸੁਖਦੇਵ ਸਿੰਘ ਝੰਡ, ਕਿਰਪਾਲ ਸਿੰਘ ਪੰਨੂੰ, ਇਕਬਾਲ ਸਿੰਘ ਬਰਾੜ ਆਦਿ ਲੇਖਕਾਂ ਨੇ ਜਿਥੇ ਪੰਜਾਬੀ ਲਈ ਘਣੀਆਂ ਦੇ ਯੋਗਦਾਨ ’ਤੇ ਰੌਸ਼ਨੀ ਪਾਈ, ਉੱਥੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਚੰਗਾ ਮਾਹੌਲ ਸਿਰਜਿਆ।
ਸਭਾ ਵੱਲੋਂ ਘਣੀਆ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸ਼ਾਲ ਤੇ ਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਘਣੀਆਂ ਅੱਜ-ਕੱਲ੍ਹ ਕੈਨੇਡਾ ਦੇ ਦੌਰੇ ’ਤੇ ਹਨ। ਉਨ੍ਹਾਂ ਦੇ ਮਾਣ ਵਿੱਚ ਵੱਖ ਵੱਖ ਸ਼ਹਿਰਾਂ ਦੀਆਂ ਸਭਾਵਾਂ ਵੱਲੋਂ ਸਮਾਗਮ ਕੀਤੇ ਜਾ ਰਹੇ ਹਨ।