ਨਵੀਂ ਦਿੱਲੀ-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਚੋਣ ਮਨੋਰਥ ਪੱਤਰ “ਕੇਜਰੀਵਾਲ ਕੀ ਗਰੰਟੀ” ਜਾਰੀ ਕੀਤਾ। ਚੋਣ ਮਨੋਰਥ ਪੱਤਰ ਦੀ ਸ਼ੁਰੂਆਤ ਮੌਕੇ ਬੋਲਦਿਆਂ ਕੇਜਰੀਵਾਲ ਨੇ ਭਾਜਪਾ ’ਤੇ ‘ਆਪ’ ਦੇ ਵਾਅਦੇ-ਅਧਾਰਿਤ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਲਾਉਂਦਿਆਂ ਉਸ ’ਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਕਿਹਾ, “ਅਸੀਂ ਦੇਸ਼ ਵਿੱਚ ਸਭ ਤੋਂ ਪਹਿਲਾਂ ‘ਗਰੰਟੀ’ ਸ਼ਬਦ ਤਿਆਰ ਕੀਤਾ। ਸਾਡੇ ਤੋਂ ਬਾਅਦ ਭਾਜਪਾ ਨੇ ਇਸ ਨੂੰ ਚੋਰੀ ਕੀਤਾ, ਪਰ ਫਰਕ ਇਹ ਹੈ ਕਿ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ ਅਤੇ ਉਹ ਨਹੀਂ ਕਰਦੇ।’’
ਬਾਬਾ ਸਾਹਿਬ ਅੰਬੇਡਕਰ ਸਕਾਲਰਸ਼ਿਪ ਦੇ ਤਹਿਤ SC ਅਤੇ ST ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਵਜ਼ੀਫੇ ਦੇਣ ਦਾ ਵਾਅਦਾ, ਨਿਸ਼ੁਲਕ ਬੱਸ ਸਵਾਰੀ ਅਤੇ ਮੈਟਰੋ ਕਿਰਾਏ ਵਿੱਚ 50 ਪ੍ਰਤੀਸ਼ਤ ਦੀ ਛੋਟ ਦੀ ਗਰੰਟੀ ਦਿੱਤੀ ਗਈ ਹੈ। ਮੈਨੀਫੈਸਟੋ ਵਿੱਚ ਪੁਜਾਰੀਆਂ ਅਤੇ ਗੁਰਦੁਆਰਾ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਵਿੱਤੀ ਸਹਾਇਤਾ ਅਤੇ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੇ ਲਾਭ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ ‘ਆਪ’ ਦੇ ਸ਼ਾਸਨ ਦੇ ਫਲਸਫੇ ਦੀ ਪੁਸ਼ਟੀ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਲੋਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਨੂੰ ਪਹਿਲ ਦਿੰਦਾ ਹੈ।