ਹਰਿਆਣਾ- ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਹਵਾਈ ਅੱਡੇ ਦੇ ਉਦਘਾਟਨ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਹਿਮਤੀ ਦੇ ਦਿੱਤੀ ਹੈ। ਉਦਘਾਟਨ 15 ਅਗਸਤ ਦੇ ਨੇੜੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਤਰੀਕ ਨਿਸ਼ਚਿਤ ਹੋਣ ਉਪਰੰਤ ਉਡਾਣਾਂ ਦੀ ਸ਼ੁਰੂਆਤ ਹੋ ਜਾਵੇਗੀ। ਸ਼ੁਰੂ ਵਿੱਚ ਅੰਬਾਲਾ ਤੋਂ ਅਯੁੱਧਿਆ, ਲਖਨਊ, ਜੰਮੂ ਅਤੇ ਸ੍ਰੀਨਗਰ ਲਈ ਉਡਾਣਾਂ ਚੱਲਣਗੀਆਂ। ਵਿੱਜ ਨੇ ਦੱਸਿਆ ਕਿ ਹਵਾਈ ਅੱਡਾ ਫੌਜੀ ਜ਼ਮੀਨ ਉੱਤੇ ਬਣਿਆ ਹੈ ਅਤੇ ਇਹ ਕੇਂਦਰੀ ਰੱਖਿਆ ਮੰਤਰੀ ਦੀ ਮਦਦ ਨਾਲ ਸੰਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਹਵਾਈ ਅੱਡਾ ਤਕਰੀਬਨ ਤਿਆਰ ਹੈ ਅਤੇ ਨਾਗਰਿਕ ਹਵਾਈ ਅਧਿਕਾਰੀ ਤਾਇਨਾਤ ਕੀਤੇ ਜਾ ਚੁੱਕੇ ਹਨ। ਵਿੱਜ ਨੇ ਇਹ ਵੀ ਦੱਸਿਆ ਕਿ ਇੱਥੋਂ ਕਾਰਗੋ ਸੇਵਾ ਦੀ ਸ਼ੁਰੂਆਤ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਹ ਹਵਾਈ ਅੱਡਾ ਸਾਇੰਸ ਇੰਡਸਟਰੀ, ਕੱਪੜਾ ਮਾਰਕੀਟ ਅਤੇ ਹਿਮਾਚਲ ਦੇ ਸੇਬ ਆਦਿ ਭੇਜਣ ਲਈ ਮੁਖ ਭੂਮਿਕਾ ਨਿਭਾਏਗਾ।