PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਹੜ੍ਹਾਂ ਦੇ ਜਾਇਜ਼ੇ ਲਈ ਪੰਜਾਬ ਪੁੱਜੇ

ਚੰਡੀਗੜ੍ਹ-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੜ੍ਹਾਂ ਦੇ ਜਾਇਜ਼ੇ ਲਈ ਪੰਜਾਬ ਪਹੁੰਚ ਗਏ ਹਨ। ਉਹ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦੀ ਸਮੀਖਿਆ ਕਰਨਗੇ। ਚੌਹਾਨ ਦੇ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਤੇ ਤਰੁਣ ਚੁੱਘ, ਆਪ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਦਿ ਮੌਜੂਦ ਸਨ।

ਉਧਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਵਿਚ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੇਂਦਰੀਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੰਜਾਬ ਦੇ ਪੰਜ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਫਿਰੋਜ਼ਪੁਰ ਵਿੱਚ ਆਏ ਹੜ੍ਹਾਂ ਦੀ ਸਥਿਤੀ ਸਬੰਧੀ ਵਿਸਥਾਰਤ ਰਿਪੋਰਟ ਸੌਂਪੀ। ਕੇਂਦਰੀ ਖੇਤੀ ਮੰਤਰੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾਣ ਤੋਂ ਪਹਿਲਾਂ ਰਾਜਪਾਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਸਬੰਧੀ ਆਪਣੀ ਰਿਪੋਰਟ ਦਿੱਤੀ ਹੈ।

ਰਾਜਪਾਲ ਨੇ 1 ਸਤੰਬਰ ਤੋਂ 4 ਸਤੰਬਰ ਤੱਕ ਇਨ੍ਹਾਂ ਪੰਜ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ। ਇਹ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਕੇਂਦਰੀ ਮੰਤਰੀ ਨੂੰ ਇਲਾਕਿਆਂ ਦੀ ਅਸਲੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਨੁੱਖੀ ਜਾਨਾਂ, ਸੰਪਤੀ, ਫਸਲਾਂ ਅਤੇ ਢਾਂਚੇ ਨੂੰ ਹੋਏ ਵੱਡੇ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਹਤ ਅਤੇ ਪੁਨਰਵਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨਡੀਆਰਐਫ ਅਤੇ ਹੋਰ ਏਜੰਸੀਆਂ ਵੱਲੋਂ ਮਿਲ ਕੇ ਕੀਤੇ ਜਾ ਰਹੇ ਹਨ।

ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ’ਤੇ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆ ਤੁਰੰਤ ਲੋੜਾਂ ਦਾ ਪਤਾ ਕਰ ਸਕਣ। ਉਨ੍ਹਾਂ ਨੇ ਰਾਜ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ ਤਾਂ ਜੋ ਰਾਹਤ ਅਤੇ ਪੁਨਰਵਾਸ ਕੰਮ ਤੇਜ਼ੀ ਨਾਲ ਕੀਤੇ ਜਾ ਸਕਣ। ਉਹ ਅੱਜ ਸਾਰਾ ਦਿਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣਗੇ, ਲੋਕਾਂ ਨੂੰ ਮਿਲਣਗੇ ਅਤੇ ਸ਼ਾਮ ਨੂੰ ਪੰਜਾਬ ਦੇ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਮੀਟਿੰਗ ਕਰਨਗੇ। ਉਸ ਤੋਂ ਬਾਅਦ ਉਹ ਵਾਪਸ ਦਿੱਲੀ ਲਈ ਰਵਾਨਾ ਹੋਣਗੇ।

Related posts

ਚੀਨ ਦੇ ਵਿੱਚ ਹੜ੍ਹਾਂ ਕਾਰਨ ਮੱਚੀ ਤਬਾਹੀ, 30 ਮੌਤਾਂ

On Punjab

ਸੰਯੁਕਤ ਰਾਸ਼ਟਰ ਨੇ ਮੁੱਖ ਦਫ਼ਤਰ ਨੂੰ ਦੋ ਦਿਨ ਬੰਦ ਰੱਖਣ ਦਾ ਲਿਆ ਫੈਸਲਾ

On Punjab

Punjab Election 2022 : ਸਸਪੈਂਸ ਖ਼ਤਮ, ਲੰਬੀ ਤੋਂ ਹੀ ਚੋਣ ਲੜਨਗੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ

On Punjab