82.58 F
New York, US
July 22, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੀ ਭਾਰਤ-ਪਾਕਿ ’ਚ ਮੁੜ ਜੰਗ ਹੋ ਸਕਦੀ ਹੈ? ਪਾਕਿ ਵਜ਼ੀਰ ਨੇ ਦਿੱਤਾ ਇਹ ਜਵਾਬ

ਇਸਲਾਮਾਬਾਦ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ (Foreign Minister Ishaq Dar) ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਹਥਿਆਰਬੰਦ ਟਕਰਾਅ ਮੁੜ ਸ਼ੁਰੂ ਹੋਣ ਦੇ ਆਸਾਰ ਬੜੇ ਘੱਟ ਹਨ, ਪਰ ਉਨ੍ਹਾਂ ਨਾਲ ਹੀ ਧਮਕੀ ਦਿੱਤੀ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਇਸ ਦਾ ਢੁਕਵਾਂ ਜਵਾਬ ਦੇਵੇਗਾ।

ਡਾਰ ਦੀ ਇਹ ਟਿੱਪਣੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਇਹ ਪ੍ਰੈਸ ਕਾਨਫਰੰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Prime Minister Shehbaz Sharif) ਦੇ ਤੁਰਕੀ, ਇਰਾਨ, ਅਜ਼ਰਬਾਈਜਾਨ ਅਤੇ ਤਾਜਿਕਿਸਤਾਨ ਦੇ ਹਾਲੀਆ ਦੌਰੇ ਦੇ ਵੇਰਵੇ ਦੇਣ ਅਤੇ ਸਬੰਧਤ ਮੁਲਕਾਂ ਦੀ ਲੀਡਰਸ਼ਿਪ ਵੱਲੋਂ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਪਿਛਲੇ ਮਹੀਨੇ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਹਮਾਇਤ ਦੇਣ ਬਦਲੇ ਧੰਨਵਾਦ ਕਰਨ ਸਬੰਧਤੀ ਸੱਦੀ ਗਈ ਸੀ।

ਉਨ੍ਹਾਂ ਨਾਲ ਹੀ ਕਿਹਾ, “ਹਾਲਾਂਕਿ, ਜੇ ਭਾਰਤ ਹਥਿਆਰਬੰਦ ਟਕਰਾਅ ਦਾ ਸਹਾਰਾ ਲੈਂਦਾ ਹੈ ਤਾਂ ਅਸੀਂ ਉਸ ਦਾ ਢੁਕਵਾਂ ਜਵਾਬ ਦੇਵਾਂਗੇ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ, ਪਰ ਇਸ ਲਈ ਬੇਤਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਵਿਆਪਕ ਗੱਲਬਾਤ ਚਾਹੁੰਦਾ ਹੈ ਜਿਸ ਵਿੱਚ ਅੱਤਵਾਦ ਦੇ ਨਾਲ-ਨਾਲ ਸਿੰਧ ਜਲ ਸੰਧੀ (IWT) ਸਮੇਤ ਹੋਰ ਮੁੱਦੇ ਵੀ ਸ਼ਾਮਲ ਹੋਣ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ IWT ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਗ਼ੌਰਤਲਬ ਹੈ ਕਿ ਭਾਰਤ ਨੇ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਹੋਰ ਦੰਡਕਾਰੀ ਉਪਾਵਾਂ ਦੇ ਨਾਲ IWT ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।

ਮੰਤਰੀ ਨੇ ਪਹਿਲਗਾਮ ਘਟਨਾ ਦੀ ਨਿਰਪੱਖ ਜਾਂਚ ਦੀ ਪੇਸ਼ਕਸ਼ ਨੂੰ ਦੁਹਰਾਇਆ, ਜਿਸ ਕਾਰਨ ਪਾਕਿਸਤਾਨ ਅਤੇ ਭਾਰਤ ਵਿਚਕਾਰ ਹਾਲ ਹੀ ਵਿੱਚ ਤਣਾਅ ਵਧਿਆ। ਡਾਰ, ਜੋ ਕਿ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਦਾਅਵਾ ਕੀਤਾ ਕਿ ਜਿੱਥੇ ਪਾਕਿਸਤਾਨ ਦੀ ਗਤੀਸ਼ੀਲ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਹੈ, ਉੱਥੇ ਹੀ ਇਸ ਦੇ ਕੂਟਨੀਤਕ ਯਤਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਵੀ ਮਿਲੀ ਹੈ।

ਉਨ੍ਹਾਂ ਅਮਰੀਕਾ, ਯੂਕੇ, ਸਾਊਦੀ ਅਰਬ, ਯੂਏਈ, ਕਤਰ, ਇਰਾਨ ਅਤੇ ਹੋਰ ਮੁਲਕਾਂ ਵੱਲੋਂ ਟਕਰਾਅ ਦੌਰਾਨ ਅਤੇ ਸ਼ਾਂਤੀ ਲਿਆਉਣ ਲਈ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਡਾਰ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸ਼ਰੀਫ ਅਗਲੇ 24 ਘੰਟਿਆਂ ਦੌਰਾਨ ਸਾਊਦੀ ਅਰਬ ਦੇ ਦੌਰੇ ਉਤੇ ਜਾਣਗੇ, ਤਾਂ ਕਿ ਭਾਰਤ ਨਾਲ ਟਕਰਾਅ ਦੌਰਾਨ ਉਸ ਦੀ ਹਾਂਪੱਖੀ ਭੂਮਿਕਾ ਲਈ ਸਾਊਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਾ ਸਕੇ।

Related posts

Fresh Snowfall In Manali : ਤਾਜ਼ੀ ਬਰਫ਼ਬਾਰੀ ਨਾਲ ਚਮਕੇ ਮਨਾਲੀ ਤੇ ਲਾਹੌਲ ਦੇ ਪਹਾੜ, ਤਸਵੀਰਾਂ ਦੇਖ ਕੇ ਰੂਹ ਹੋ ਜਾਵੇਗੀ ਖੁਸ਼

On Punjab

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

On Punjab

Away : ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਦੇਹਾਂਤ

On Punjab