afghanistan kabul gurdwara terrorist attack: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ। ਇਹ ਭਾਰਤ ਤੋਂ ਬਾਹਰ ਪਹਿਲਾ ਕੇਸ ਹੈ, ਜਿਸ ਦੀ ਜਾਂਚ ਐਨਆਈਏ ਲੈ ਰਹੀ ਹੈ। 31 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ। ਮੋਦੀ ਸਰਕਾਰ ਨੇ ਹਾਲ ਹੀ ਵਿੱਚ ਐਨਆਈਏ ਐਕਟ ਵਿੱਚ ਸੋਧ ਕੀਤੀ ਸੀ, ਜਿਸਦੇ ਨਾਲ ਐਨਆਈਏ ਨੂੰ ਵਿਦੇਸ਼ ਵਿੱਚ ਪੜਤਾਲ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਹੁਣ ਐਨਆਈਏ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰੇਗੀ। ਐਨਆਈਏ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ 25 ਮਾਰਚ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿੱਚ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ ਵਿੱਚ ਤਿਆਨ ਸਿੰਘ, ਜੋ ਕਿ ਦਿੱਲੀ ਦੇ ਗ੍ਰੇਟਰ ਕੈਲਾਸ਼ ਖੇਤਰ ਵਿੱਚ ਰਹਿੰਦਾ ਸੀ, ਉਸ ਦੇ ਸਮੇਤ 27 ਵਿਅਕਤੀ ਮਾਰੇ ਗਏ ਸਨ। ਇਸ ਤੋਂ ਇਲਾਵਾ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਅੱਤਵਾਦੀ ਹਮਲੇ ਵਿੱਚ ਕੇਰਲਾ ਸੰਪਰਕ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਦੇ ਗੁਰਦੁਆਰੇ ‘ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ‘ਚੋਂ ਇੱਕ ਭਾਰਤੀ ਸੀ। ਉਹ ਕੇਰਲਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ।
ਇਸਲਾਮਿਕ ਸਟੇਟ ਨੇ ਆਪਣੀ ਪ੍ਰੋਪੇਗੰਡਾ ਮੈਗਜ਼ੀਨ ਵਿੱਚ ਅਬੂ ਖਾਲਿਦ ਅਲ-ਹਿੰਦੀ ਦੇ ਨਾਂ ‘ਤੇ ਉਸ ਦੀ ਇੱਕ ਤਸਵੀਰ ਵੀ ਛਾਪੀ ਹੈ। ਹਾਲਾਂਕਿ ਸੂਤਰ ਦੱਸਦੇ ਹਨ ਕਿ ਅਬੂ ਖਾਲਿਦ ਅਲ-ਹਿੰਦੀ ਦਾ ਅਸਲ ਨਾਮ ਮੁਹੰਮਦ ਮੁਹਸਿਨ ਹੈ, ਜੋ ਕੇਰਲਾ ਦਾ ਰਹਿਣ ਵਾਲਾ ਸੀ।