ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਦਿਆਂ 17 ਦਸੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਬਲਾਕ ਸਮਿਤੀ ਚੋਣਾਂ ਲਈ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਪੂਰੇ ਅਮਲ ਦੀ ਲਾਜ਼ਮੀ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਕੀਤੀ ਹੈ।
ਵੜਿੰਗ ਨੇ ਆਪਣੇ ਵਕੀਲ ਨਿਖਿਲ ਘੋਸ਼ ਰਾਹੀਂ ਦਾਇਰ ਜਨਹਿੱਤ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਇਹ ਪਟੀਸ਼ਨ ‘ਪੰਜਾਬ ਰਾਜ ਵਿੱਚ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ ਵਿੱਚ ਚੋਣ ਅਮਲ ਦੀ ਸ਼ੁੱਧਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਦੀ ਰਾਖੀ ਲਈ’ ਦਾਇਰ ਕੀਤੀ ਗਈ ਹੈ। ਘਈ ਨੇ ਪਟੀਸ਼ਨਰ ਵੱਲੋਂ ਪੇਸ਼ ਹੁੰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਚੋਣ ਅਮਲ ਦਾ ਇੱਕ ਅਨਿੱਖੜਵਾਂ ਅਤੇ ਫੈਸਲਾਕੁਨ ਪੜਾਅ ਹੈ, ਜੋ ਨਤੀਜੇ ਦਾ ਐਲਾਨ ਹੋਣ ਤੱਕ ਜਾਰੀ ਰਹਿੰਦਾ ਹੈ। ਇੱਕ ਤੈਅ ਕਾਨੂੰਨੀ ਸਥਿਤੀ ਦੇ ਬਾਵਜੂਦ, ਬੀਤੇ ਵਿਚ ਵੀ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਦੀ ਲਾਜ਼ਮੀ ਵੀਡੀਓਗ੍ਰਾਫੀ ਨਹੀਂ ਹੁੰਦੀ ਰਹੀ, ‘ਜਿਸ ਕਰਕੇ ਚੋਣਾਂ ਦੇ ਸਭ ਤੋਂ ਸੰਵੇਦਨਸ਼ੀਲ ਪੜਾਅ ਦਾ ਕੋਈ ਉਦੇਸ਼ਪੂਰਨ ਜਾਂ ਪ੍ਰਮਾਣਿਤ ਰਿਕਾਰਡ ਨਹੀਂ ਛੱਡਿਆ ਗਿਆ।’ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਵੀਡੀਓਗ੍ਰਾਫੀ ਦੀ ਅਣਹੋਂਦ ਵਿਚ ਇਹ ਅਮਲ ਪਾਰਦਰਸ਼ੀ ਨਹੀਂ ਰਹਿ ਜਾਂਦਾ, ਜਿਸ ਨਾਲ ਜਮਹੂਰੀ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਘੱਟ ਜਾਂਦਾ ਹੈ।
ਇਹ ਸਪੱਸ਼ਟ ਕਰਦੇ ਹੋਏ ਕਿ ਕਿਸੇ ਵੀ ਚੋਣ ਨਤੀਜੇ ਨੂੰ ਚੁਣੌਤੀ ਨਹੀਂ ਦਿੱਤੀ ਜਾ ਰਹੀ ਹੈ, ਪਟੀਸ਼ਨਰ ਨੇ ਰੋਕਥਾਮ ਸੰਸਥਾਗਤ ਸੁਰੱਖਿਆ ਉਪਾਵਾਂ ਦੀ ਮੰਗ ਕੀਤੀ, ਜਿਸ ਵਿੱਚ ਪੂਰੀ ਗਿਣਤੀ ਅਮਲ ਦੀ ਵੀਡੀਓਗ੍ਰਾਫੀ ਨੂੰ ਲਾਜ਼ਮੀ ਬਣਾਉਣ, ਇੱਕ ਨਿਰਧਾਰਤ ਸਮੇਂ ਲਈ ਵੀਡੀਓਗ੍ਰਾਫਿਕ ਰਿਕਾਰਡਾਂ ਦੀ ਸੁਰੱਖਿਅਤ ਸੰਭਾਲ, ਅਤੇ ਨਿਆਂਇਕ ਜਾਂ ਕਾਨੂੰਨੀ ਜਾਂਚ ਲਈ ਉਨ੍ਹਾਂ ਦੀ ਉਪਲਬਧਤਾ ਸ਼ਾਮਲ ਹੈ। ਪਟੀਸ਼ਨ ’ਤੇ ਸੁਣਵਾਈ ਮੰਗਲਵਾਰ ਨੂੰ ਹੋਵੇਗੀ।

