ਨਵੀਂ ਦਿੱਲੀ- ਭਾਰਤੀ ਪੁਲਾੜ ਯਾਤਰੀ ਸ਼ੁਭਾਸ਼ੂ ਸ਼ੁਕਲਾ ਤੇ ਵਪਾਰਕ Axiom 4 ਮਿਸ਼ਨ ਨਾਲ ਸਬੰਧਤ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ 18 ਦਿਨਾਂ ਦੀ ਠਹਿਰ ਮਗਰੋਂ ਸੋਮਵਾਰ ਨੂੰ ਧਰਤੀ ’ਤੇ ਵਾਪਸੀ ਦੀ ਯਾਤਰਾ ਲਈ ਰਵਾਨਾ ਹੋਣਗੇ। ਸ਼ੁਕਲਾ, ਜੋ ਰਾਕੇਸ਼ ਸ਼ਰਮਾ ਮਗਰੋਂ ਪੁਲਾੜ ਵਿਚ ਜਾਣ ਵਾਲੇ ਦੂਜੇ ਭਾਰਤੀ ਹਨ, ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਡਰੈਗਨ ਪੁਲਾੜ ਯਾਨ ’ਤੇ ਸਵਾਰ ਹੋਣਗੇ ਅਤੇ ਦੋ ਘੰਟੇ ਬਾਅਦ ਪੁਲਾੜ ਤੋਂ ਧਰਤੀ ਲਈ ਰਵਾਨਾ ਹੋਣਗੇ।
ਪੁਲਾੜ ਤੋਂ ਧਰਤੀ ਤੱਕ ਦਾ ਸਫ਼ਰ 22 ਘੰਟਿਆਂ ਵਿਚ ਪੂਰਾ ਕੀਤਾ ਜਾਵੇਗਾ। Axiom ਸਪੇਸ ਨੇ ਇੱਕ ਬਿਆਨ ਵਿੱਚ ਕਿਹਾ, ‘‘ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਤੋਂ ਅਨਡੌਕਿੰਗ ਸਵੇਰੇ 6:05 ਵਜੇ (ਸ਼ਾਮ 4:35 ਵਜੇ ਭਾਰਤੀ ਸਮੇਂ ਅਨੁਸਾਰ) ਹੋਵੇਗੀ।’’ ਬਿਆਨ ਵਿਚ ਕਿਹਾ ਗਿਆ, ‘‘ਧਰਤੀ ’ਤੇ ਵਾਪਸੀ ਦੀ ਯਾਤਰਾ 22.5 ਘੰਟਿਆਂ ਵਿਚ ਪੂਰੀ ਹੋਵੇਗੀ ਅਤੇ ਚਾਲਕ ਦਲ ਦੇ ਕੈਲੀਫੋਰਨੀਆ ਦੇ ਸਾਹਿਲ ਤੋਂ ਕਰੀਬ 4:31 ਵਜੇ (ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 3:01 ਵਜੇ) ’ਤੇ ਉਤਰਨ ਦੀ ਉਮੀਦ ਹੈ।’’
ਐਕਸਪੀਡੀਸ਼ਨ ਦੇ 73 ਪੁਲਾੜ ਯਾਤਰੀਆਂ ਨੇ ਐਤਵਾਰ ਨੂੰ Axiom-4 ਚਾਲਕ ਦਲ ਲਈ ਰਵਾਇਤੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਜਿਸ ਵਿੱਚ ਸ਼ੁਕਲਾ, ਕਮਾਂਡਰ ਪੈਗੀ ਵਿਟਸਨ, ਅਤੇ ਮਿਸ਼ਨ ਮਾਹਿਰ ਪੋਲੈਂਡ ਦੇ ਸਲਾਵੋਸ ਉਜ਼ਨਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਸ਼ਾਮਲ ਸਨ। Axiom 4 ਮਿਸ਼ਨ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਭਾਰਤ, ਪੋਲੈਂਡ ਅਤੇ ਹੰਗਰੀ ਲਈ ਪੁਲਾੜ ਵਿੱਚ ਵਾਪਸੀ ਦੀ ਨਿਸ਼ਾਨਦੇਹੀ ਕੀਤੀ। ਸ਼ੁਕਲਾ ਨੇ ਐਤਵਾਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਵਿਦਾਇਗੀ ਸਮਾਗਮ ਦੌਰਾਨ ਕਿਹਾ, ‘‘ਅਸੀਂ ਜਲਦੀ ਹੀ ਧਰਤੀ ’ਤੇ ਮਿਲਾਂਗੇ।’’