PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਉਨਾਓ ਜਬਰ-ਜਨਾਹ ਕੇਸ: ਸੈਂਗਰ ਦੀ ਸਜ਼ਾ ਮੁਅੱਤਲ ਕਰਨ ਖ਼ਿਲਾਫ਼ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ- ਉਨਾਓ ਜਬਰ ਜਨਾਹ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਕੁਲਦੀਪ ਸੈਂਗਰ ਦੀ ਸਜ਼ਾ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਉਨਾਓ ਬਲਾਤਕਾਰ ਪੀੜਤ ਦੇ ਸਮਰਥਨ ਵਿੱਚ ‘ਬਲਾਤਕਾਰੀਆਂ ਨੂੰ ਸੁਰੱਖਿਆ ਦੇਣੀ ਬੰਦ ਕਰੋ’ ਵਰਗੇ ਨਾਅਰੇ ਲਾਏ। ਇਸ ਪ੍ਰਦਰਸ਼ਨ ਵਿੱਚ ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨ ਐਸੋਸੀਏਸ਼ਨ ਦੀਆਂ ਮਹਿਲਾ ਕਾਰਕੁਨਾਂ ਦੇ ਨਾਲ ਕਾਰਕੁਨ ਯੋਗਿਤਾ ਭਯਾਨਾ ਅਤੇ ਪੀੜਤਾ ਦੀ ਮਾਂ ਨੇ ਵੀ ਹਿੱਸਾ ਲਿਆ। ਗੱਲਬਾਤ ਕਰਦਿਆਂ ਪੀੜਤਾ ਦੀ ਮਾਂ ਨੇ ਕਿਹਾ ਕਿ ਉਹ ਹਾਈ ਕੋਰਟ ਵਿੱਚ ਪ੍ਰਦਰਸ਼ਨ ਕਰਨ ਆਈ ਹੈ ਕਿਉਂਕਿ ਉਸ ਦੀ ਧੀ ਨੇ ਬਹੁਤ ਦੁੱਖ ਝੱਲੇ ਹਨ। ਉਨ੍ਹਾਂ ਕਿਹਾ ਕਿ ਉਹ ਪੂਰੀ ਹਾਈ ਕੋਰਟ ਨੂੰ ਦੋਸ਼ੀ ਨਹੀਂ ਠਹਿਰਾ ਰਹੇ, ਸਗੋਂ ਸਿਰਫ਼ ਉਨ੍ਹਾਂ ਦੋ ਜੱਜਾਂ ਨੂੰ ਜਿਨ੍ਹਾਂ ਦੇ ਫੈਸਲੇ ਨੇ ਉਨ੍ਹਾਂ ਦਾ ਭਰੋਸਾ ਤੋੜ ਦਿੱਤਾ ਹੈ।
ਮਾਂ ਨੇ ਅੱਗੇ ਕਿਹਾ ਕਿ ਪਹਿਲੇ ਜੱਜਾਂ ਨੇ ਪਰਿਵਾਰ ਨੂੰ ਇਨਸਾਫ ਦਿੱਤਾ ਸੀ, ਪਰ ਹੁਣ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ ਉਨ੍ਹਾਂ ਦੇ ਪਰਿਵਾਰ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ ਕਿਉਂਕਿ ਉਨ੍ਹਾਂ ਨੂੰ ਉੱਥੇ ਪੂਰਾ ਭਰੋਸਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੈਂਗਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ, ਜੋ ਕਿ ਦਸੰਬਰ 2019 ਵਿੱਚ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਨਿਰਦੇਸ਼ ਦਿੱਤੇ ਸਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਬਕਾ ਵਿਧਾਇਕ ਪੀੜਤਾ ਦੀ ਰਿਹਾਇਸ਼ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਨਹੀਂ ਆਵੇਗਾ ਅਤੇ ਨਾ ਹੀ ਪੀੜਤਾ ਜਾਂ ਉਸਦੀ ਮਾਂ ਨੂੰ ਧਮਕਾਏਗਾ। ਹਾਲਾਂਕਿ ਸੈਂਗਰ ਅਜੇ ਜੇਲ੍ਹ ਵਿੱਚ ਹੀ ਰਹੇਗਾ ਕਿਉਂਕਿ ਉਹ ਪੀੜਤਾ ਦੇ ਪਿਤਾ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਸਬੰਧ ਵਿੱਚ 10 ਸਾਲ ਦੀ ਸਜ਼ਾ ਵੀ ਕੱਟ ਰਿਹਾ ਹੈ ਅਤੇ ਉਸ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਨਹੀਂ ਮਿਲੀ ਹੈ।

Related posts

ਬਾਦਸ਼ਾਹ ਰਿਲੀਜ਼ ਕਰੇਗਾ ਗੀਤ ‘ਗਲੀਓਂ ਕੇ ਗਾਲਿਬ’

On Punjab

ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਕੌਰ ਸਿੱਧੂ

On Punjab

ਵਿਸ਼ਵ ਚੈਂਪੀਅਨਸ਼ਿਪ: ਸਿੰਧੂ ਤੇ ਪ੍ਰਣੌਏ ਵੱਲੋਂ ਜਿੱਤ ਨਾਲ ਸ਼ੁਰੂਆਤ

On Punjab