PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਡੀਗੋ ਦੀ ਚੰਡੀਗੜ੍ਹ-ਪੁਣੇ ਉਡਾਣ ਨੌਂ ਘੰਟੇ ਲੇਟ; ਯਾਤਰੀਆਂ ਨੇ ਮੁਹਾਲੀ ਹਵਾਈ ਅੱਡੇ ’ਤੇ ਰਾਤ ਬਿਤਾਈ

ਚੰਡੀਗੜ੍ਹ- ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਕਾਰਨ ਇਨ੍ਹੀਂ ਦਿਨੀਂ ਯਾਤਰੀ ਖੱਜਲ-ਖੁਆਰ ਹੋ ਰਹੇ ਹਨ। ਇੰਡੀਗੋ ਦੀ ਚੰਡੀਗੜ੍ਹ-ਪੁਣੇ ਉਡਾਣ ਨੌਂ ਘੰਟੇ ਲੇਟ ਹੋ ਗਈ ਜਿਸ ਕਾਰਨ ਯਾਤਰੀਆਂ ਨੇ ਮੁਹਾਲੀ ਦੇ ਹਵਾਈ ਅੱਡੇ ’ਤੇ ਰਾਤ ਬਿਤਾਉਣੀ ਪਈ। ਮੁਹਾਲੀ ਵਿੱਚ ਇੰਡੀਗੋ ਦੇ ਯਾਤਰੀਆਂ ਨੂੰ ਲਗਾਤਾਰ ਚੌਥੇ ਦਿਨ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਕਈ ਹੋਰ ਸ਼ੁੱਕਰਵਾਰ ਨੂੰ ਆਪਣੇ ਸਮੇਂ ਤੋਂ ਕਈ ਘੰਟਿਆਂ ਦੀ ਦੇਰੀ ਨਾਲ ਚੱਲੀਆਂ। ਚੰਡੀਗੜ੍ਹ-ਪੁਣੇ ਉਡਾਣ ਨੇ 4 ਦਸੰਬਰ ਨੂੰ ਰਾਤ 9:15 ਵਜੇ ਰਵਾਨਾ ਹੋਣਾ ਸੀ ਪਰ ਇਹ ਉਡਾਣ ਸ਼ੁੱਕਰਵਾਰ ਅੱਜ ਸਵੇਰੇ 7:50 ਵਜੇ ਗਈ ਜਿਸ ਕਾਰਨ ਸਾਰੇ ਯਾਤਰੀਆਂ ਨੂੰ ਮੁਹਾਲੀ ਹਵਾਈ ਅੱਡੇ ’ਤੇ ਰਾਤ ਬਿਤਾਣੀ ਪਈ। ਨਿਰਾਸ਼ ਹੋਏ ਯਾਤਰੀਆਂ ਨੇ ਕਿਹਾ ਕਿ ਇੰਡੀਗੋ ਦੇ ਅਧਿਕਾਰੀ ਰਾਤ ਭਰ ਰਵਾਨਗੀ ਦੇ ਸਮੇਂ ਨੂੰ ਕਈ ਵਾਰ ਸੋਧਦੇ ਰਹੇ ਪਰ ਇਹ ਰਾਤ ਨੂੰ ਉਡਾਣ ਨਾ ਭਰ ਸਕੀ। ਉਨ੍ਹਾਂ ਨੂੰ ਪਹਿਲਾਂ ਰਾਤ 9:15 ਵਜੇ, ਮੁੜ 11:45 ਵਜੇ ਤੇ ਫਿਰ 12:10 ਵਜੇ ਅਤੇ ਬਾਅਦ ਵਿੱਚ 1:10 ਵਜੇ ਉਡਾਣ ਦੇ ਜਾਣ ਬਾਰੇ ਦੱਸਿਆ ਗਿਆ। ਇੱਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਸਵੇਰੇ 4 ਵਜੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਸਵੇਰੇ 7:15 ਵਜੇ ਜਹਾਜ਼ ਵਿਚ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ।

ਇਸ ਏਅਰਲਾਈਨ ਨੇ ਵੀਰਵਾਰ 4 ਦਸੰਬਰ ਨੂੰ 550 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇੰਡੀਗੋ ਨੂੰ ਚਾਲਕ ਦਲ ਦੀ ਘਾਟ, ਤਕਨਾਲੋਜੀ ਮੁੱਦਿਆਂ ਅਤੇ ਸਰਦੀਆਂ ਨਾਲ ਸਬੰਧਤ ਭੀੜ-ਭੜੱਕੇ ਕਾਰਨ ਪੈਦਾ ਹੋਈਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਏਅਰਲਾਈਨ ਨੇ ਆਪਣੇ ਕੰਮ ਨੂੰ ਮੁੜ ਲੀਹ ’ਤੇ ਲੈ ਕੇ ਆਉਣ ਲਈ ਆਪਣੀਆਂ ਸਮਾਂ-ਸਾਰਣੀਆਂ ਵਿੱਚ ਸੋਧ ਕੀਤੀ ਹੈ ਜਿਸ ਦੇ ਨਤੀਜੇ ਵਜੋਂ ਅਗਲੇ ਦੋ ਤੋਂ ਤਿੰਨ ਦਿਨਾਂ ਲਈ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇੰਡੀਗੋ ਦੀਆਂ ਆਮ ਤੌਰ ’ਤੇ ਰੋਜ਼ਾਨਾ ਲਗਪਗ 2,300 ਉਡਾਣਾਂ ਚਲਦੀਆਂ ਹਨ ਪਰ ਬੀਤੇ ਦਿਨਾਂ ਤੋਂ ਇਸ ਏਅਰਲਾਈਨ ਕਾਰਨ ਯਾਤਰੀਆਂ ਨੂੰ ਖਾਸੀ ਪ੍ਰੇਸ਼ਾਨੀ ਹੋਈ ਜਿਸ ਕਾਰਨ ਇਸ ਦਾ ਪ੍ਰਦਰਸ਼ਨ ਤੇਜ਼ੀ ਨਾਲ ਡਿੱਗ ਗਿਆ ਜੋ ਮੰਗਲਵਾਰ ਨੂੰ 35% ਸੀ ਤੇ ਇਹ ਬੁੱਧਵਾਰ ਨੂੰ ਘੱਟ ਕੇ 19.7% ਦਰਜ ਕੀਤਾ ਗਿਆ।

ਇਸ ਤੋਂ ਪਹਿਲਾਂ ਹਵਾਈ ਉਡਾਣਾਂ ਦੀ ਨਿਗਰਾਨ ਸੰਸਥਾ ਡੀਜੀਸੀਏ ਨੇ ਕਿਹਾ ਸੀ ਕਿ ਉਨ੍ਹਾਂ ਵਲੋਂ ਇੰਡੀਗੋ ਦੀਆਂ ਉਡਾਣਾਂ ਵਿੱਚ ਦੇਰੀ ਤੇ ਰੱਦ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ। ਡੀਜੀਸੀਏ ਨੇ ਇੰਡੀਗੋ ਨੂੰ ਮੌਜੂਦਾ ਸਥਿਤੀ ਦੇ ਕਾਰਨਾਂ ਦੇ ਨਾਲ-ਨਾਲ ਉਡਾਣ ਰੱਦ ਕਰਨ ਅਤੇ ਦੇਰੀ ਨੂੰ ਦੂਰ ਕਰਨ ਦੀਆਂ ਯੋਜਨਾ ਦਾ ਖਾਕਾ ਪੇਸ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਬੁੱਧਵਾਰ ਨੂੰ ਵੱਖ-ਵੱਖ ਹਵਾਈ ਅੱਡਿਆਂ ’ਤੇ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਸ ਤੋਂ ਇਲਾਵਾ ਕਈ ਉਡਾਣਾਂ ਵਿਚ ਦੇਰੀ ਹੋਈ ਹੈ। ਇਹੀ ਵਰਤਾਰਾ ਵੀਰਵਾਰ ਨੂੰ ਵੀ ਜਾਰੀ ਰਿਹਾ। ਇਹ ਏਅਰਲਾਈਨ ਮੁੱਖ ਤੌਰ ’ਤੇ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਕਿਹਾ ਕਿ ਉਹ ਸਥਿਤੀ ਦੀ ਜਾਂਚ ਕਰ ਰਿਹਾ ਹੈ ਅਤੇ ਏਅਰਲਾਈਨ ਦੀਆਂ ਉਡਾਣਾਂ ਦਾ ਮੁਲਾਂਕਣ ਕਰ ਰਿਹਾ ਹੈ ਤਾਂ ਕਿ ਯਾਤਰੀਆਂ ਨੂੰ ਹੋਰ ਪ੍ਰੇਸ਼ਾਨੀ ਨਾ ਹੋਵੇ।

Related posts

ਰੂਸ ਯੂਕਰੇਨ ਯੁੱਧ : ਯੂਕਰੇਨ ਦੇ ਰਾਸ਼ਟਰੀ ਦਿਵਸ ਦੀ ਪੂਰਵ ਸੰਧਿਆ ‘ਤੇ ਭਿਆਨਕ ਰੂਸੀ ਹਮਲੇ ਦਾ ਡਰ, ਅਮਰੀਕਾ ਨੇ ਜਾਰੀ ਕੀਤਾ ਅਲਰਟ

On Punjab

ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਦਾ ਯੂ-ਟਰਨ, ਸ਼ਰਧਾਲੂਆਂ ਲਈ ਬਦਲਿਆਂ ਇਹ ਨਿਯਮ

On Punjab

ਤਹੱਵੁਰ ਰਾਣਾ ਤੋਂ ਰੋਜ਼ਾਨਾ 8-10 ਘੰਟੇ ਪੁੱਛ-ਪੜਤਾਲ ਕਰ ਰਹੀ ਹੈ ਐੱਨਆਈਏ

On Punjab