PreetNama
ਸਮਾਜ/Social

ਇਟਲੀ ਸਰਕਾਰ ਦਾ ਵੱਡਾ ਐਲਾਨ, ਇੰਗਲੈਂਡ ਸਣੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਇਕਾਂਤਵਾਸ ਦੀ ਸ਼ਰਤ ਹਟਾਈ

ਕੋਰੋਨਾ ਮਹਾਮਾਰੀ ਰੋਕਣ ਲਈ ਭਾਵੇਂ ਸਾਰੀ ਦੁਨੀਆ ’ਚ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ ਹੈ ਪਰ ਹਾਲੇ ਵੀ ਇਸ ਦਾ ਕਹਿਰ ਜਾਰੀ ਹੈ। ਇਸ ਮਹਾਮਾਰੀ ਨੇ ਕੌਮਾਂਤਰੀ ਅਰਥਚਾਰੇ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਜੇ ਗੱਲ ਕਰੀਏ ਇਟਲੀ ਦੀ ਤਾਂ ਇਥੇ ਮਹਾਮਾਰੀ ਨੂੰ ਥੋੜ੍ਹੀ ਠੱਲ੍ਹ ਪਈ ਪਰ ਅਜੇ ਵੀ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਇਟਲੀ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ ਜਿਸ ’ਚ ਯੂਰਪੀਅਨ ਭਾਈਵਾਲ ਵਾਲੇ ਦੇਸ਼ਾਂ ਸਮੇਤ ਇੰਗਲੈਂਡ ਤੇ ਇਜ਼ਰਾਈਲ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਨੂੰ ਹੁਣ ਇਕਾਂਤਵਾਸ ਨਹੀਂ ਹੋਣਾ ਪਾਵੇਗਾ।ਸਥਾਨਕ ਮੀਡੀਆ ਅਨੁਸਾਰ ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੈਂਜਾ ਨੇ ਇਕ ਨਵੇਂ ਆਰਡੀਨੈਂਸ ’ਤੇ ਮੋਹਰ ਲਾ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਹੁਣ ਇਕਾਂਤਵਾਸ ’ਚ ਨਹੀਂ ਰਹਿਣਗੇ ਪਰ ਸ਼ਰਤ ਵੀ ਰੱਖੀ ਗਈ ਹੈ ਕਿ ਜਿਹੜੇ ਯਾਤਰੀ ਇਟਲੀ ਸੈਰ-ਸਪਾਟੇ ਲਈ ਆਉਣਗੇ ਉਨ੍ਹਾਂ ਦੀ ਵੈਕਸੀਨੇਸ਼ਨ ਹੋਣੀ ਲਾਜ਼ਮੀ ਹੈ। ਵੈਕਸੀਨੇਸ਼ਨ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਇਟਲੀ ਦਾਖ਼ਲ ਹੋਣ ਤੋਂ 48 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਬੀਤੇ ਵਰ੍ਹੇ ਤੋਂ ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ਨੂੰ ਸੈਰ-ਸਪਾਟੇ ਤੋਂ ਹੋਣ ਵਾਲੀ ਆਮਦਨ ਨਾ ਹੋਣ ਕਰ ਕੇ ਘਾਟਾ ਸਹਿਣਾ ਪੈ ਰਿਹਾ ਹੈ। ਇਟਲੀ ਨੇ ਵੀ ਕਾਫੀ ਆਰਥਿਕ ਘਾਟਾ ਖਾਧਾ ਹੈ। ਹੁਣ ਸ਼ਾਇਦ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਆਰਥਿਕ ਘਾਟੇ ’ਚੋਂ ਨਿਕਲਣ ਲਈ ਸੈਲਾਨੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਜਾਣ।

Related posts

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ‘ਆਪ’ ਸਰਕਾਰ ਦੀ ਦ੍ਰਿੜ੍ਹਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ਼) ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਨਸ਼ਾ ਵਿਰੋਧੀ ਹੈਲਪਲਾਈਨ ਅਤੇ ਵਟਸਐਪ ਚੈਟਬੋਟ (97791-00200) ਦੀ ਵੀ ਸ਼ੁਰੂਆਤ ਕੀਤੀ। ਇਹ ਸੈੱਲ ਸੈਕਟਰ-79 ਸਥਿਤ ਸੋਹਾਣਾ ਥਾਣੇ ਦੀ ਦੂਜੀ ਮੰਜ਼ਿਲ ’ਤੇ ਕੰਮ ਕਰੇਗਾ। ਹਾਲ ਹੀ ’ਚ 90 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਦਾ ਨਵੀਨੀਕਰਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਦ੍ਰਿੜ੍ਹ ਹੈ। ਇਸੇ ਤਹਿਤ ਮੌਜੂਦਾ ਵਿਸ਼ੇਸ਼ ਟਾਸਕ ਫੋਰਸ ਦੀ ਬਜਾਏ ‘ਅਪੈਕਸ ਸਟੇਟ ਲੈਵਲ ਡਰੱਗ ਲਾਅ ਐਨਫੋਰਸਮੈਂਟ ਯੂਨਿਟ’ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਜੋਂ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਹੈਲਪਲਾਈਨ ਆਮ ਨਾਗਰਿਕਾਂ ਤੇ ਨਸ਼ਾ ਪੀੜਤਾਂ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦੇਵੇਗੀ ਤੇ ਨਸ਼ਾ ਛੱਡਣ ਵਾਲਿਆਂ ਲਈ ਡਾਕਟਰੀ ਸਹਾਇਤਾ ਯਕੀਨੀ ਬਣਾਏਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਾਲ ਜ਼ਮੀਨੀ ਪੱਧਰ ’ਤੇ ਨਸ਼ਾ ਤਸਕਰੀ ਰੋਕਣ ਤੇ ਇਸ ਘਿਣਾਉਣੇ ਅਪਰਾਧ ’ਚ ਸ਼ਾਮਲ ਵੱਡੀਆਂ ਮੱਛੀਆਂ ਦੀ ਸ਼ਨਾਖਤ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਭਗਵੰਤ ਮਾਨ ਨੇ ਕਿਹਾ, ‘‘ਟਾਸਕ ਫੋਰਸ ਸਿਰਫ਼ ਨਵੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਹੀ ਨਹੀਂ ਹੋਵੇਗੀ, ਸਗੋਂ ਇਸ ਨਵੀਂ ਵਿਸ਼ੇਸ਼ ਫੋਰਸ ਨੂੰ ਨਸ਼ਿਆਂ ਦੀ ਅਲਾਮਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਾਧੂ ਮੁਲਾਜ਼ਮ, ਸਾਧਨਾਂ ਅਤੇ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ।’’ ਉਨ੍ਹਾਂ ਕਿਹਾ ਕਿ ਏਐੱਨਟੀਐੱਫ਼ ਦੇ ਮੌਜੂਦਾ ਮੁਲਾਜ਼ਮਾਂ ਦੀ ਗਿਣਤੀ 400 ਤੋਂ ਵਧਾ ਕੇ 861 ਕੀਤੀ ਜਾ ਰਹੀ ਹੈ ਤੇ ਫੋਰਸ ਨੂੰ 14 ਨਵੀਆਂ ਮਹਿੰਦਰਾ ਸਕਾਰਪੀਓ ਗੱਡੀਆਂ ਵੀ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ, ‘‘ਏਐੱਨਟੀਐੱਫ਼ ਨੂੰ ਮੁਹਾਲੀ ’ਚ ਆਪਣਾ ਹੈੱਡਕੁਆਰਟਰ ਬਣਾਉਣ ਲਈ ਇੱਕ ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਐਨਫੋਰਸਮੈਂਟ-ਨਸ਼ਾ ਮੁਕਤੀ ਰੋਕਥਾਮ ਰਣਨੀਤੀ ਲਾਗੂ ਕਰਨ ਲਈ ਪੰਜਾਬ ਸਟੇਟ ਕੈਂਸਰ ਅਤੇ ਡੀ-ਅਡਿੱਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਫੰਡ ’ਚੋਂ 10 ਕਰੋੜ ਰੁਪਏ ਏਐੱਨਟੀਐੱਫ਼ ਲਈ ਮਨਜ਼ੂਰ ਕੀਤੇ ਜਾਣਗੇ।’’ ਇਸ ਦੌਰਾਨ ਮੁੱਖ ਮੰਤਰੀ ਨੇ ਖੰਨਾ ਬੇਅਦਬੀ ਕਾਂਡ ਅਤੇ ਅੰਮ੍ਰਿਤਸਰ ਵਿੱਚ ਐੱਨਆਰਆਈ ’ਤੇ ਹੋਏ ਹਮਲੇ ਦੇ ਮਾਮਲਿਆਂ ਪੰਜਾਬ ਪੁਲੀਸ ਦੀਆਂ ਫੌਰੀ ਕਾਰਵਾਈਆਂ ਦੀ ਸ਼ਲਾਘਾ ਕੀਤੀ। ਕੰਗਨਾ ਰਣੌਤ ਨੂੰ ਜ਼ਾਬਤੇ ’ਚ ਰੱਖੇ ਭਾਜਪਾ ਮੁਹਾਲੀ: ਭਾਜਪਾ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਤੇ ਉਸ ਵੱਲੋਂ ਕਿਸਾਨਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਆਪਣੇ ‘ਵਿਵਾਦਤ’ ਸੰਸਦ ਮੈਂਬਰਾਂ ਨੂੰ ਜ਼ਾਬਤੇ ’ਚ ਰੱਖਣ ਲਈ ਆਖਿਆ ਹੈ। ਮਾਨ ਕਿਹਾ, ‘‘ਕੰਗਨਾ ਕਥਿਤ ਹੋਛੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੀ ਹੈ। ਉਹ ਮੰਡੀ ਹਲਕੇ (ਹਿਮਾਚਲ ਪ੍ਰਦੇਸ਼) ਦੇ ਲੋਕਾਂ ਦੀ ਭਲਾਈ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਬੇਬੁਨਿਆਦ ਬਿਆਨਾਂ ਰਾਹੀਂ ਪੰਜਾਬੀਆਂ ਖਾਸਕਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਆਪਣੇ ਅਜਿਹੇ ਆਗੂਆਂ ਨੂੰ ਸਮਾਜ ’ਚ ਕਥਿਤ ਜ਼ਹਿਰ ਫੈਲਾਉਣ ਤੋਂ ਰੋਕਣਾ ਚਾਹੀਦਾ ਹੈ, ਕਿਉਂਕਿ ਭਗਵਾ ਪਾਰਟੀ ਸਿਰਫ਼ ਇੰਨਾ ਕਹਿ ਕੇ ‘‘ਇਹ ਸੰਸਦ ਮੈਂਬਰਾਂ ਦੇ ਨਿੱਜੀ ਵਿਚਾਰ ਹਨ’’, ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।

On Punjab

ਪੰਜਾਬ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਮੰਗਿਆ ਆਸ਼ੀਰਵਾਦ

On Punjab

‘ਅਦਾਲਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ’, ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ; ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਹਦਾਇਤਾਂ

On Punjab