ਅੰਮ੍ਰਿਤਸਰ- ਅੱਜ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੇ ਈਮੇਲ ਮਿਲੇ ਹਨ, ਜਿਸ ਤੋਂ ਬਾਅਦ ਸਕੂਲਾਂ ਵਿੱਚ ਚਿੰਤਾ ਵਾਲਾ ਮਾਹੌਲ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਸ਼ਹਿਰ ਦੇ ਕੁਝ ਵੱਡੇ ਸਕੂਲਾਂ ਵਿੱਚ ਧਮਕੀ ਵਾਲੀ ਈ ਮੇਲ ਮਿਲਿਆ ਹੈ। ਜਿਸ ਵਿੱਚ ਸਕੂਲ ਵਿੱਚ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਛੁੱਟੀ ਕਰਕੇ ਘਰਾਂ ਨੂੰ ਭੇਜ ਦਿੱਤਾ ਹੈ। ਇਸ ਧਮਕੀ ਵਾਲੀ ਈਮੇਲ ਦੀ ਚਰਚਾ ਦੇ ਕਾਰਨ ਹੋਰਨਾਂ ਸਕੂਲਾਂ ਵਿੱਚ ਵੀ ਚਿੰਤਾ ਵਾਲਾ ਮਾਹੌਲ ਹੈ।
ਇਸ ਸੰਬੰਧ ਵਿੱਚ ਪੁਲੀਸ ਕਮਿਸ਼ਨਰ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਸ਼ਹਿਰ ਅਤੇ ਪੇਂਡੂ ਖੇਤਰ ਦੇ ਕੁਝ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈ। ਜਿਸ ਤੋਂ ਬਾਅਦ ਅਜਿਹੇ ਹਰੇਕ ਸਕੂਲ ਵਿੱਚ ਇੱਕ ਉੱਚ ਅਧਿਕਾਰੀ ਦੀ ਅਗਵਾਈ ਹੇਠ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਪੁਲੀਸ ਅਧਿਕਾਰੀ ਧਮਕੀ ਵਾਲੇ ਈਮੇਲ ਦੇ ਸਰੋਤ ਨੂੰ ਟਰੈਕ ਕਰ ਰਹੇ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਕੁਝ ਵਿਦਿਆਰਥੀਆਂ ਨੂੰ ਅਜਿਹੀ ਸ਼ਰਾਰਤ ਲਈ ਜ਼ਿੰਮੇਵਾਰ ਪਾਇਆ ਗਿਆ ਸੀ। ਉਨਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਪੁਲੀਸ ਜਾਂਚ ਕਰ ਰਹੀ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਧਮਕੀ ਵਾਲੇ ਈਮੇਲ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਮਿਲੇ ਸਨ। ਉਧਰ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪੱਤਰ ਜਾਰੀ ਕਰਦਿਆਂ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ।

