ਅਮਰੀਕਾ ਦੀ ਇਕ ਸ਼ਕਤੀਸ਼ਾਲੀ ਕਮੇਟੀ ਨੇ ਭਾਰੀ ਬਹੁਮਤ ਨਾਲ ਚੀਨ ਰਣਨੀਤਕ ਮੁਕਾਬਲਾ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਹੋਰ ਗੱਲਾਂ ਦੇ ਇਲਾਵਾ ਕਵਾਡ ਸਮੂਹ ਨੂੰ ਹਮਾਇਤ ਦੇਣ ਤੇ ਭਾਰਤ ਨਾਲ ਸੁਰੱਖਿਆ ਸਬੰਧ ਵਧਾਉਣ ‘ਤੇ ਜ਼ੋਰ ਦਿੱਤਾ ਗਿਆ। ਕਵਾਡ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਦਾ ਗਠਜੋੜ ਹੈ। 2007 ‘ਚ ਇਸਦੇ ਗਠਨ ਤੋਂ ਬਾਅਦ ਤੋਂ ਚਾਰਾਂ ਦੇਸ਼ਾਂ ਦੇ ਨੁਮਾਇੰਦੇ ਨਿਯਮਤ ਫ਼ਰਕ ‘ਤੇ ਮਿਲਦੇ ਰਹੇ ਹਨ। ਪਿਛਲੇ ਮਹੀਨੇ ਚਾਰੋ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਦਾ ਇਤਿਹਾਸਕ ਵਰਚੁਅਲ ਸੰਮੇਲਨ ਹੋਇਆ ਸੀ, ਜਿਸਦੀ ਮੇਜ਼ਬਾਨੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤੀ ਸੀ।
ਸੈਨੇਟ ਦੀ ਵਿਦੇਸ਼ ਸਬੰਧ ਕਮੇਟੀ ਨੇ ਤਿੰਨ ਘੰਟਿਆਂ ਤਕ ਚੱਲੀ ਬਹਿਸ ਤੇ ਕਈ ਸੋਧਾਂ ਮਗਰੋਂ 21-1 ਦੇ ਭਾਰੀ ਬਹੁਮਤ ਨਾਲ ਰਣਨੀਤਕ ਮੁਕਾਬਲਾ ਬਿੱਲ ਨੂੰ ਮਨਜ਼ੂਰ ਕਰ ਲਿਆ। ਬਿੱਲ ‘ਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਭਾਰਤ ਨਾਲ ਵਿਆਪਕ ਰਣਨੀਤਕ ਭਾਈਵਾਲੀ ਦੇ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ। ਇਸਦੇ ਇਲਾਵਾ ਦੋ ਪੱਖੀ ਸੁਰੱਖਿਆ ਦੇ ਖੇਤਰ ‘ਚ ਵੀ ਸਲਾਹ ਤੇ ਸਹਿਯੋਗ ਵਧਾਉਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਭਾਰਤ ਨਾਲ ਗੱਲਬਾਤ ਕਰ ਕੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿਸ ਵਿਚ ਉਹ ਉਸਦੀ ਮਦਦ ਕਰ ਸਕਦਾ ਹੈ। ਇਸ ਨਾਲ ਭਾਰਤ, ਚੀਨ ਤੋਂ ਪੈਦਾ ਚੁਣੌਤੀਆਂ ਦਾ ਮੁਕਾਬਲਾ ਕਰ ਸਕੇਗਾ।ਸੈਨੇਟਰ ਜਿਮ ਰਿਚ ਤੇ ਬੌਬ ਮੈਨੇਂਜ ਨੇ ਇਸ ਬਿੱਲ ਨੂੰ ਸ਼ਾਨਦਾਰ ਦੱਸਿਆ ਹੈ। ਇਸ ਵਿਚ ਅਮਰੀਕਾ ਦੀਆਂ ਸਾਰੀਆਂ ਰਣਨੀਤਕ, ਆਰਥਿਕ ਤੇ ਕੂਟਨੀਤਕ ਨੀਤੀਆਂ ਨੂੰ ਹਿੰਦ-ਪ੍ਰਸ਼ਾਂਤ ਰਣਨੀਤੀ ਲਈ ਇਕਜੁੱਟ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਆਉਣ ਵਾਲੇ ਦਹਾਕਿਆਂ ‘ਚ ਅਮਰੀਕਾ ਚੀਨ ਤੋਂ ਮਿਲਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਸਕੇ।
