70.11 F
New York, US
August 4, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਦੇ ਦੇਸ਼ ਨਿਕਾਲੇ ਨੇ ਚਕਨਾਚੂਰ ਕੀਤੇ ਚੰਗੇ ਭਵਿੱਖ ਦੇ ਸੁਪਨੇ

ਭੁਲੱਥ-ਗ਼ੈਰਕਾਨੂੰਨੀ ਪਰਵਾਸ ਦੇ ਦੋਸ਼ ਤਹਿਤ ਅਮਰੀਕਾ ਵੱਲੋਂ ਦਿੱਤੇ ਗਏ ਦੇਸ਼ ਨਿਕਾਲੇ ਪਿੱਛੋਂ ਬੀਤੇ ਦਿਨ ਵਤਨ ਪਰਤੇ ਭਾਰਤੀਆਂ ਦੇ ਚੰਗੇ ਭਵਿੱਖ ਦੇ ਸੁਪਨੇ ਹੀ ਚਕਨਾਚੂਰ ਨਹੀਂ ਹੋਏ, ਸਗੋਂ ਉਹ ਆਰਥਿਕ ਤੌਰ ’ਤੇ ਵੀ ਬੁਰੀ ਤਰ੍ਹਾਂ ਲੁੱਟੇ-ਪੁੱਟੇ ਗਏ ਹਨ। ਮਾਨਸਿਕ ਤੌਰ ’ਤੇ ਭਾਰੀ ਦਰਦ ਤੇ ਤਣਾਅ ਦਾ ਸਾਹਮਣਾ ਕਰਦੇ ਇਨ੍ਹਾਂ ਲੋਕਾਂ ਦੀ ਸਰਕਾਰਾਂ ਵੱਲੋਂ ਆਰਥਿਕ ਤੌਰ ’ਤੇ ਬਾਹ ਫੜੇ ਜਾਣ ਤੇ ਪੀੜਤਾਂ ਦੇ ਮੁੜਵਸੇਬੇ ਲਈ ਨੌਕਰੀਆਂ ਆਦਿ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ‌

ਪਿੰਡ ਭਦਾਸ ਦੀ ਵਾਸੀ ਲਵਪ੍ਰੀਤ ਕੌਰ ਆਪਣੇ ਨਬਾਲਗ ਲੜਕੇ ਪ੍ਰਭਜੋਤ ਨੂੰ ਨਾਲ ਲੈ ਕੇ ਬੀਤੀ 2 ਜਨਵਰੀ ਨੂੰ ਆਪਣੇ ਅਮਰੀਕਾ ਰਹਿੰਦੇ ਪਤੀ ਨਾਲ ਇੱਕਠੇ ਰਹਿਣ ਦਾ ਸੁਪਨਾ ਲੈ ਕੇ ਦੁਬਈ ਦੀ ਫਲਾਈਟ ’ਤੇ ਗਈ ਸੀ। ਉਹ ਮਾਸਕੋ ਤੋਂ ਲਾਤੀਨੀ ਅਮਰੀਕਾ ਦੇ ਮੁਲਕਾਂ ਥਾਣੀ ਹੁੰਦੀ ਹੋਈ 25 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦਾਖ਼ਲ ਹੋਈ ਸੀ, ਪਰ ਅਮਰੀਕੀ ਪੁਲੀਸ ਵਲੋਂ ਉਸ ਨੂੰ ਫੜ ਲਿਆ ਗਿਆ। ਫਿਰ ਬਿਨਾਂ ਕਿਸੇ ਸੁਣਵਾਈ ਦੇ ਹੱਥੀਂ ਹਥਕੜੀਆਂ ਤੇ ਪੈਰਾਂ ਨੂੰ ਬੇੜੀਆਂ ਪਾ ਕੇ ਭਾਰਤ ਦੇ ਜਹਾਜ਼ ਵਿਚ ਬਿਠਾ ਦਿੱਤਾ ਗਿਆ।

ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਮੁਤਾਬਕ ਇਕ ਕਰੋੜ ਪੰਜ ਲੱਖ ਰੁਪਏ ਲਵਪ੍ਰੀਤ ਦੇ ਪਤੀ ਵਲੋਂ ਏਜੰਟਾਂ ਨੂੰ ਦਿਤੇ ਗਏ ਹਨ। ਨਿਸ਼ਾਨ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਕੋਲ ਛੇ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ ਤੇ ਉਸ ’ਤੇ ਕਰਜ਼ਾ ਲਿਆ ਹੈ, ਜਿਸ ਕਾਰਨ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ’ਤੇ ਸਦਮੇ ਵਿਚ ਹੈ।

ਲਵਪ੍ਰੀਤ ਦੇ ਪਰਿਵਾਰ ਦੇ ਮੈਂਬਰ ਬਲਜਿੰਦਰ ਸਿੰਘ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਸਾਰਾ ਕੁਝ ਕਿਵੇਂ ਹੋਇਆ ਹੈ।’’ ਉਨ੍ਹਾਂ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨ ਨਾ ਕੀਤਾ ਜਾਵੇ । ਲਵਪ੍ਰੀਤ ਦੀ ਇਕ ਹੋਰ ਪਰਿਵਾਰਕ ਜੀਅ ਸੁਮਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਏਜੰਟਾਂ ਬਾਰੇ ਜਾਣਕਾਰੀ ਨਹੀਂ। ਇਸ ਸਭ ਕੁਝ ਦਾ ਪਤਾ ਲਵਪ੍ਰੀਤ ਦੇ ਅਮਰੀਕਾ ਰਹਿੰਦੇ ਪਤੀ ਨੂੰ ਹੋਵੇਗਾ।

ਪਿੰਡ ਬਰਿਆਰ ਦੇ ਗੁਰਪ੍ਰੀਤ ਸਿੰਘ ਦੇ ਪਿਤਾ ਜੰਗ ਸਿੰਘ ਵਲੋਂ ਆਪਣੇ ਬੇਟੇ ਦੀ ਦੇਸ਼ ਨਿਕਾਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕਿਸੇ ਨੂੰ ਵੀ ਘਰ ਆਉਣ ਦੀ ਇਜਾਜ਼ਤ ਨਹੀਂ ਦਿੱਤ ਗਈ।

ਪਿੰਡ ਡੋਗਰਾਂਵਾਲ ਦੇ ਵਿਕਰਮਜੀਤ ਸਿੰਘ ਦੇ ਮਾਪਿਆਂ ਦੱਸਿਆ ਕਿ ਜ਼ਮੀਨ ਜਾਇਦਾਦ ਵੇਚ ਕੇ 42 ਲੱਖ ਰੁਪਏ ਖ਼ਰਚ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਕਿ ਉਹ ਆਪਣੀਆਂ ਛੇ ਭੈਣਾਂ ਦੇ ਵਿਆਹ ਕਰ ਸਕੇ ਤੇ ਘਰ ਦੀ ਆਰਥਿਕ ਹਾਲਤ ਸੁਧਾਰੇ। ਪਰ ਉਸ ਦੇ ਵਾਪਸ ਆਉਣ ਨਾਲ ਪਰਿਵਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਘਰ ਵਿੱਚ ਮਾਪਿਆਂ ਤੇ ਭੈਣਾਂ ਦਾ ਰੋ ਕੇ ਬੁਰਾ ਹਾਲ ਹੈ।

ਬਹਿਬਲ ਬਹਾਦਰ ਦੇ ਵਾਪਸ ਮੁੜੇ ਗੁਰਪ੍ਰੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਤੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਹੈ। ਘਰ ਗਹਿਣੇ ਰੱਖ ਕੇ 45 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਪਰ ਅੱਜ ਹੀ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਵਾਪਸ ਆ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਉਸ ਲਈ ਨੌਕਰੀ ਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।

50 ਲੱਖ ਦਾ ਕਰਜ਼ਾ ਲੈ ਕੇ ਅਮਰੀਕਾ ਗਏ ਜਸਵਿੰਦਰ ਸਿੰਘ ਨੇ 15 ਜਨਵਰੀ ਨੂੰ ਪਾਰ ਕੀਤੀ ਸੀ ਸਰਹੱਦਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਵਿਚ ਇਕ ਨੌਜਵਾਨ ਜਸਵਿੰਦਰ ਸਿੰਘ (30) ਖੰਨਾ ਨੇੜਲੇ ਪਿੰਡ ਕਾਹਨਪੁਰਾ ਦਾ ਰਹਿਣ ਵਾਲਾ ਹੈ। ਆਪਣੇ ਪੁੱਤਰ ਦੇ ਘਰ ਮੁੜਨ ਦੀ ਖਬਰ ਸੁਣਨ ਉਪਰੰਤ ਪਰਿਵਾਰ ਵਿਚ ਸੰਨਾਟਾ ਛਾ ਗਿਆ ਹੈ। ਅਜੇ ਤਾਂ ਇਹ ਨੌਜਵਾਨ ਨੇ ਆਪਣੀ ਵਿਦੇਸ਼ੀ ਕਮਾਈ ਵਿਚੋਂ ਇਕ ਪੈਸਾ ਵੀ ਘਰ ਨਹੀਂ ਭੇਜਿਆ ਸੀ ਕਿ ਉਸ ਨੂੰ ਉਸੇ ਪੈਰੀਂ ਵਤਨ ਮੁੜਨਾ ਪੈ ਗਿਆ।

ਜਸਵਿੰਦਰ ਦੇ ਪਿਤਾ ਜੀਤ ਸਿੰਘ ਨੇ ਦੱਸਿਆ ਕਿ ਦੁਸਹਿਰੇ ਤੋਂ ਚਾਰ ਦਿਨਾਂ ਬਾਅਦ ਉਸਦਾ ਛੋਟਾ ਪੁੱਤਰ ਜਸਵਿੰਦਰ ਸਿੰਘ ਘਰੋਂ ਗਿਆ ਸੀ ਅਤੇ 15 ਜਨਵਰੀ ਨੂੰ ਅਮਰੀਕਾ ਦੀ ਸਰਹੱਦ ਪਾਰ ਕੀਤੀ ਸੀ। ਪਿੰਡ ਦੇ ਨੰਬਰਦਾਰ ਤੋਂ ਪਤਾ ਲੱਗਿਆ ਕਿ ਜੋ ਅਮਰੀਕਾ ਤੋਂ ਵਾਪਸ ਮੁੜ ਰਹੇ ਹਨ, ਉਨ੍ਹਾਂ ਵਿਚ ਜਸਵਿੰਦਰ ਸਿੰਘ ਵੀ ਸ਼ਾਮਲ ਹੈ

ਜੀਤ ਨੇ ਕਿਹਾ ਕਿ ਉਸਦੇ ਦੋ ਪੁੱਤਰ ਹਨ ਤੇ ਵੱਡਾ ਲੜਕਾ ਵਿਆਹਿਆ ਹੋਇਆ ਹੈ, ਜਿਸ ਕੋਲ ਅੱਧਾ ਏਕੜ ਜ਼ਮੀਨ ਹੈ ਅਤੇ ਸਿਰਫ਼ 9 ਕਨਾਲ ਜ਼ਮੀਨ ਜਸਵਿੰਦਰ ਸਿੰਘ ਦੇ ਹਿੱਸੇ ਆਉਂਦੀ ਹੈ। ਪਰਿਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾਉਣ ਲਈ ਜਸਵਿੰਦਰ ਨੇ ਅਮਰੀਕਾ ਜਾਣ ਦਾ ਮਨ ਬਣਾਇਆ ਸੀ ਜਿਸ ਲਈ 50 ਲੱਖ ਰੁਪਏ ਕਰਜ਼ਾ ਲਿਆ ਗਿਆ ਸੀ।

ਉਨ੍ਹਾਂ ਆੜ੍ਹਤੀ, ਸੁਨਿਆਰ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਇੱਕਠੇ ਕਰਕੇ ਭੇਜਿਆ ਸੀ। ਉਸ ਲਈ ਕਰਜ਼ੇ ਦੇ ਪੈਸੇ ਵਾਪਸ ਕਰਨਾ ਬਹੁਤ ਮੁਸ਼ਕਿਲ ਹੈ।

Related posts

ਕੌਮਾਂਤਰੀ ਨਗਰ ਕੀਰਤਨ ਬਾਰੇ ਜਾਣਕਾਰੀ ਲਈ ਕਰੋ ਇਨ੍ਹਾਂ ਨੰਬਰਾਂ ‘ਤੇ ਫੋਨ

On Punjab

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਰਾਜ ਸਭਾ ‘ਚ ਰਾਜਨਾਥ ਸਿੰਘ ਦਾ ਬਿਆਨ: ਚੀਨ ਦੀ ਹਰਕਤ ਕਾਰਨ ਵਧਿਆ ਵਿਵਾਦ

On Punjab