ਵਾਸ਼ਿੰਗਟਨ: ਅਮਰੀਕੀ ਸੂਬੇ ਓਹਾਇਓ ਦੇ ਕਸਬੇ ਵੈਸਟ ਚੈਸਟਰ ਵਿੱਚ ਸਿੱਖ ਪਰਿਵਾਰ ਦੇ ਚਾਰ ਜੀਆਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿੱਚ 4 ਔਰਤਾਂ ਤੇ ਇੱਕ ਮਰਦ ਸ਼ਾਮਲ ਹੈ। ਪੁਲਿਸ ਨੇ ਹਾਲੇ ਮ੍ਰਿਤਕਾਂ ਦੇ ਵੇਰਵੇ ਜਾਰੀ ਨਹੀਂ ਕੀਤੇ। ਵੈਸਟ ਚੈਸਟਰ ਪੁਲਿਸ ਮੁਤਾਬਕ ਇਹ ਵਾਰਦਾਤ ਐਤਵਾਰ ਦੀ ਰਾਤ 10 ਵਜੇ ਦੀ ਹੈ। ਕਿਸੇ ਵਿਅਕਤੀ ਨੇ 911 ‘ਤੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਸੀ। ਸੂਚਨਾ ਮਿਲਦਿਆਂ ਜਦ ਪੁਲਿਸ ਉੱਤਰੀ ਸਿਨਸਿਨਾਟੀ ਸਥਿਤ ਕੰਪਲੈਕਸ ਵਿੱਚ ਪਹੁੰਚੀ ਤਾਂ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਫਰਸ਼ ‘ਤੇ ਪਈਆਂ ਸਨ।
ਪੁਲਿਸ ਮੁਤਾਬਕ ਪਰਿਵਾਰ ਰਾਤ ਸਮੇਂ ਖਾਣਾ ਬਣਾ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਮੈਂਬਰਾਂ ਤੇ ਗੁਆਢੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਖੂਨੀ ਵਾਰਦਾਤ ਕਾਰਨ ਪੂਰੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ। ਸਿਨਸਿਟੀ ਗੁਰਦੁਆਰੇ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਸਿੱਖ ਪਰਿਵਾਰ ਦੇ ਪੁਰਸ਼ ਮ੍ਰਿਤਕ ਨੂੰ ਪਿਛਲੇ 11 ਸਾਲਾਂ ਤੋਂ ਜਾਣਦੇ ਸਨ। ਉਹ ਬਹੁਤ ਚੰਗਾ ਵਿਅਕਤੀ ਸੀ। ਪੁਲਿਸ ਨੇ ਕਿਹਾ ਹੈ ਕਿ ਮ੍ਰਿਤਕਾਂ ਨੂੰ ਕਿਸੇ ਬਾਹਰੀ ਹਮਲਾਵਰ ਵੱਲੋਂ ਹੀ ਮਾਰਿਆ ਗਿਆ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਆਪਸੀ ਝੜਪ ਦੇ ਸਬੂਤ ਨਹੀਂ ਮਿਲੇ। ਪੁਲਿਸ ਨੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਦਾ ਭਰੋਸਾ ਵੀ ਦਿੱਤਾ ਹੈ।