ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕੋਂਵਲੇਸੈਂਟ ਪਲਾਜ਼ਮਾ ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇਸ ਕਦਮ ਨੂੰ “ਇੱਕ ਵੱਡੀ ਸਫਲਤਾ” ਦੱਸਿਆ। ਉਨ੍ਹਾਂ ਦੇ ਟੌਪ ਦੇ ਸਿਹਤ ਅਧਿਕਾਰੀ ਨੇ ਇਸ ਨੂੰ “ਆਸ਼ਾਵਾਦੀ” ਕਿਹਾ ਹੈ। ਜਦੋਂਕਿ ਦੂਜੇ ਸਿਹਤ ਮਾਹਰ ਕਹਿੰਦੇ ਹਨ ਕਿ ਇਸ ‘ਤੇ ਖੁਸ਼ੀ ਮਨਾਉਣ ਤੋਂ ਪਹਿਲਾਂ ਹੋਰ ਅਧਿਐਨਾਂ ਦੀ ਲੋੜ ਹੈ।
ਦੱਸ ਦਈਏ ਕਿ ਇਹ ਐਲਾਨ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦੇ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਸੀ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਵੱਲੋਂ ਟੀਕੇ ਤੇ ਇਲਾਜ ਲਈ ਬਿਮਾਰੀ ਨੂੰ ਮਨਜ਼ੂਰੀ ਦੇਣ ਵਿੱਚ ਰਾਜਨੀਤੀ ਤੋਂ ਪ੍ਰੇਰਿਤ ਦੇਰੀ ਹੋਈ ਹੈ।
ਐਮਰਜੈਂਸੀ ਅਥਾਰਟੀ ਦੀ ਵਿਆਖਿਆ ਕਰਦਿਆਂ ਇੱਕ ਪੱਤਰ ਵਿੱਚ ਐਫਡੀਏ ਦੇ ਮੁੱਖ ਵਿਗਿਆਨੀ ਡੈਨਿਸ ਹਿੰਟਨ ਨੇ ਕਿਹਾ, “ਕੋਵਿਡ-19 ਕੋਂਵਲੇਸੈਂਟ ਪਲਾਜ਼ਮਾ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਦੇਖਭਾਲ ਦੇ ਨਵੇਂ ਮਾਪਦੰਡ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ। ਹੋਰ ਵਿਸ਼ਲੇਸ਼ਣਾਂ ਤੇ ਚੱਲ ਰਹੇ ਤੇ ਨਿਯੰਤ੍ਰਿਤ ਕਲੀਨੀਕਲ ਟ੍ਰਾਈਲਜ਼ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਵਾਧੂ ਅੰਕੜੇ ਸਾਹਮਣੇ ਆਉਣਗੇ।”
ਟਰੰਪ ਨੇ ਆਪਣੇ ਸਾਥੀਆਂ ਨੂੰ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਵਾਇਰਸ ਵਿਰੁੱਧ ਲੜਾਈ ‘ਚ ਖੁਸ਼ਖਬਰੀ ਦੱਸਣ ਲਈ ਉਤਸੁਕ ਹੈ। ਦੱਸ ਦਈਏ ਕਿ ਟਰੰਪ ਤੇ ਉਸ ਦੇ ਸਾਥੀ ਇਸ ਨੂੰ “ਵੱਡੀ” ਪ੍ਰਾਪਤੀ ਕਹਿੰਦੇ ਹਨ ਤੇ ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਤੋਂ ਇਸ ਦਾ ਐਲਾਨ ਕੀਤਾ ਗਿਆ।