ਟੋਕੀਓ- ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਸ਼ਨਿਚਰਵਾਰ ਨੂੰ ਕਿਹਾ ਜੇ ਅਤਿਵਾਦ ਇੱਕ “ਹਲਕਿਆ ਕੁੱਤਾ” ਹੈ, ਤਾਂ ਪਾਕਿਸਤਾਨ ਇਸਦਾ “ਘਾਤਕ ਹੈਂਡਲਰ” ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਇਸ ਨਾਲ ਨਜਿੱਠਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਬੈਨਰਜੀ, ਜੋ ਕਿ ਸਰਹੱਦ ਪਾਰ ਅਤਿਵਾਦ ਵਿਰੁੱਧ ਭਾਰਤ ਦੇ ਅਟੱਲ ਸਟੈਂਡ ਨੂੰ ਉਜਾਗਰ ਕਰਨ ਅਤੇ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਜਪਾਨ ਗਏ ਸਰਬ-ਪਾਰਟੀ ਵਫ਼ਦ ਦਾ ਹਿੱਸਾ ਹਨ, ਨੇ ਕਿਹਾ, ‘‘ਅਸੀਂ ਇੱਥੇ ਸੱਚਾਈ ਦੱਸਣ ਲਈ ਆਏ ਹਾਂ ਅਤੇ ਭਾਰਤ ਇਸ ਅੱਗੇ ਝੁਕਣ ਤੋਂ ਇਨਕਾਰੀ ਹੈ।’’
ਜ਼ਿਕਰਯੋਗ ਹੈ ਕਿ ਜੇਡੀ(ਯੂ) ਦੇ ਸੰਸਦ ਮੈਂਬਰ ਸੰਜੇ ਝਾਅ ਦੀ ਅਗਵਾਈ ਵਿੱਚ ਜਪਾਨ ਗਿਆ ਵਫ਼ਦ ਉਨ੍ਹਾਂ ਸੱਤ ਸਰਬ-ਪਾਰਟੀ ਵਫ਼ਦਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਤੱਕ ਪਹੁੰਚਣ ਲਈ ਵਿਸ਼ਵ ਪੱਧਰ ’ਤੇ 33 ਰਾਜਧਾਨੀਆਂ ਦਾ ਦੌਰਾ ਕਰਨ ਦਾ ਕੰਮ ਸੌਂਪਿਆ ਹੈ। ਟੋਕੀਓ ਵਿਚ ਭਾਸ਼ਣ ਦੌਰਾਨ ਬੈਨਰਜੀ ਨੇ ਕਿਹਾ, “ਅਸੀਂ ਡਰ ਅੱਗੇ ਨਹੀਂ ਝੁਕਾਂਗੇ। ਅਸੀਂ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਸਿੱਖਿਆ ਹੈ ਜਿਸਨੂੰ ਉਹ ਸਮਝਦੇ ਹਨ।’’
ਉਨ੍ਹਾਂ ਕਿਹਾ, ‘‘ਅਸੀਂ ਇਹ ਯਕੀਨੀ ਬਣਾਵਾਂਗੇ ਕਿ ਭਾਰਤ ਜ਼ਿੰਮੇਵਾਰ ਰਹੇ। ਸਾਡੇ ਸਾਰੇ ਜਵਾਬ ਅਤੇ ਕਾਰਵਾਈਆਂ ਸਟੀਕ, ਗਿਣੀਆ-ਮਿਥੀਆਂ ਅਤੇ ਵਧਾਵਾ ਦੇਣ ਵਾਲੀਆਂ ਨਾ ਹੋਣ।’’