60.26 F
New York, US
October 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਜਨਾਲਾ ਖੇਤਰ ਵਿਚ ਹੜ੍ਹ ’ਚ ਘਿਰੇ ਲੋਕਾਂ ਦੀ ਮਦਦ ਲਈ ਬਹੁੜੀ ਫੌਜ; 40 ਪਿੰਡ ਪਾਣੀ ’ਚ ਘਿਰੇ

ਅਜਨਾਲਾ- ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦੀ ਮਦਦ ਲਈ ਫੌਜ ਪੁੱਜ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਵੀ ਸਵੇਰੇ ਤੜਕੇ 4 ਵਜੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਸਵੇਰੇ ਮੌਕੇ ’ਤੇ ਪੁੱਜ ਗਏ ਸਨ। ਰਮਦਾਸ ਜਿੱਥੋਂ ਕੱਲ੍ਹ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ, ਅੱਜ ਪਾਣੀ ਨੇ ਉੱਥੇ ਵੀ ਰਸਤਾ ਰੋਕ ਲਿਆ ਹੈ। ਉਥੋਂ ਹੁਣ ਟਰੈਕਟਰਾਂ ਉੱਤੇ ਜਵਾਨਾਂ ਨੂੰ ਤੋਰਿਆ ਗਿਆ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾ ਸਕਣ।

ਇਸ ਦੌਰਾਨ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਹਨ। ਉਨ੍ਹਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਟਰੇਨਿੰਗ ਹੈ। ਉਨ੍ਹਾਂ ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਹਨ। ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੇ ਕੱਲ੍ਹ 27 ਅਗਸਤ ਦੀ ਸਵੇਰ ਧੁਸੀ ਬੰਨ੍ਹ ਤੋੜ ਕੇ ਪਾਣੀ ਆਬਾਦੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ ਤੇ ਰਮਦਾਸ ਖੇਤਰ ਦੇ ਲਗਪਗ 20 ਤੋਂ ਵੱਧ ਪਿੰਡ ਪਾਣੀ ਵਿੱਚ ਘਿਰ ਗਏ ਸਨ। ਲੋਕਾਂ ਨੂੰ ਬਚਾਉਣ ਵਾਸਤੇ ਦੇਰ ਰਾਤ 11 ਵਜੇ ਤੱਕ ਬਚਾਅ ਕਾਰਜ ਚਲਦੇ ਰਹੇ ਹਨ।

ਜਾਣਕਾਰੀ ਮੁਤਾਬਕ ਪਾਣੀ ਹੋਰ ਅੱਗੇ ਵੱਧ ਰਿਹਾ ਹੈ ਅਤੇ ਹੁਣ ਲਗਪਗ 40 ਪਿੰਡ ਜੋ ਕਿ ਕੱਲ੍ਹ ਨਾਲੋਂ ਦੋ ਗੁਣਾ ਹਨ ਪਾਣੀ ਵਿੱਚ ਘਿਰ ਗਏ ਹਨ। ਇਨ੍ਹਾਂ ਪਿੰਡਾਂ ਵਿੱਚੋਂ ਵੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਸਤੇ ਯਤਨ ਕੀਤੇ ਜਾ ਰਹੇ ਹਨ। ਵਧੇਰੇ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਦੇ ਦੋ ਮੰਜ਼ਿਲਾਂ ਘਰ ਹਨ ਉਹ ਉੱਪਰਲੀਆਂ ਮੰਜ਼ਲਾਂ ’ਤੇ ਚਲੇ ਗਏ ਹਨ।

ਰਾਵੀ ਦਰਿਆ ਵਿੱਚ ਆਏ ਹੜ੍ਹ ਦਾ ਪ੍ਰਭਾਵ ਹੁਣ ਰਮਦਾਸ ਅਜਨਾਲਾ ਤੋਂ ਬਾਅਦ ਲੋਪੋਕੇ ਚੋਗਾਵਾਂ ਖੇਤਰ ਵੱਲ ਨੂੰ ਵੱਧ ਰਿਹਾ ਹੈ। ਇਸ ਖੇਤਰ ਵਿੱਚ ਧੁਸੀਂ ਬੰਨ੍ਹ ਤੋਂ ਅਗਲੇ ਪਾਸੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਬੀਐੱਸਐੱਫ ਦੀਆਂ ਅਗਲੇਰੀਆਂ ਚੌਕੀਆਂ ਵੀ ਪਾਣੀ ਵਿੱਚ ਘਿਰ ਗਈਆਂ ਹਨ।

ਜਿਨ੍ਹਾਂ ਪਿੰਡਾਂ ਵਿੱਚ ਪਾਣੀ ਦਾ ਪੱਧਰ ਅਜੇ ਘੱਟ ਹੈ, ਉਥੇ ਬਚਾਅ ਕਾਰਜ ਵਿੱਚ ਲੱਗੀਆਂ ਟੀਮਾਂ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾ ਸਕੇ। ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਸਪੀਕਰ ਰਾਹੀਂ ਮੁਨਿਆਦੀ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ।

ਇਸ ਵੇਲੇ ਹੜ੍ਹ ਦੇ ਪਾਣੀ ਦੇ ਪ੍ਰਭਾਵ ਹੇਠ ਆਏ 40 ਤੋਂ ਵੱਧ ਪਿੰਡਾਂ ਵਿੱਚ ਘੋਨੇਵਾਲ, ਮਾਛੀਵਾਲ, ਮੰਗੂ ਨਾਰੂ, ਸ਼ਹਿਜ਼ਾਦਾ ਜੱਟਾਂ, ਕੋਟਿ ਗੁਰਬਖਸ਼ ,ਪਛੀਆਂ , ਨਿਸੋਕੇ ਸਿੰਘੋ ਕੇ, ਮੁਹੰਮਦ, ਮੁੰਦਰਾਂ ਵਾਲਾ, ਘੱਗਰ, ਧਰਮਾ ਬਾਦ, ਰਮਦਾਸ, ਸ਼ਾਮਪੁਰਾ, ਕੋਟਲੀ ਸ਼ਾਹ ਹਬੀਬ ,ਨੰਗਲ ਸੋਹਲ, ਰੂੜੇਵਾਲ, ਖਟੜਾ, ਪੰਡੋਰੀ ਥੰਗਈ, ਮਲਕਪੁਰ, ਲੰਗਰਪੁਰ, ਦੂਜੋਵਾਲ, ਬੇਦੀ ਛੰਨਾ, ਕੋਟ ਰਜਾਦਾ, ਸੂਫੀਆਂ, ਸਮਰਾਈ, ਚਾਹੜਪੁਰ , ਭਦਲ, ਗਾਲਿਬ ,ਦਰਿਆਏ ਮਨਸੂਰ, ਨੰਗਲ ਅੰਬ, ਬੱਲ ਲਬੇ ਦਰਿਆ, ਕਮੀਰਪੁਰ ,ਭੈਣੀ ਗਿੱਲ, ਚੱਕ ਵਾਲਾ, ਜਗਦੇਵ ਖੁਰਦ, ਸਾਹੋਵਾਲ, ਢਾਈ ਸਿੰਘਪੁਰਾ, ਬਾਜਵਾ ਤੇ ਹੋਰ ਸ਼ਾਮਲ ਹਨ। ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿਛਲੇ ਕਈ ਦਿਨਾਂ ਤੋਂ ਰਾਤ ਦਿਨ ਹਲਕੇ ਦੇ ਲੋਕਾਂ ਦੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ ਅਤੇ ਅੱਜ ਤੜਕੇ ਉਹ ਵੀ ਪਹੁੰਚ ਗਏ ਸਨ।

Related posts

ਮੁਕਤਸਰ ਦੀ ਘੋੜਾ ਮੰਡੀ ਵਿੱਚ ਪੁੱਜਿਆ 21 ਕਰੋੜੀ ਡੇਵਿਡ

On Punjab

UNSC ਦੀ ਬੈਠਕ ‘ਚ ਪੀਐੱਮ ਨਰਿੰਦਰ ਮੋਦੀ ਨੇ ਸਮੁੰਦਰੀ ਸੁਰੱਖਿਆ ‘ਤੇ ਦਿੱਤੇ ਪੰਜ ਮੰਤਰ, ਜਾਣੋ ਉਨ੍ਹਾਂ ਦੇ ਬਾਰੇ ਵਿਚ

On Punjab

ਪਾਕਿ ’ਚ ਸੈਂਕੜੇ ਮੁਸਾਫ਼ਰਾਂ ਨੂੰ ਲਿਜਾ ਰਹੀ ਰੇਲ ਗੱਡੀ ‘ਤੇ ਫਾਇਰਿੰਗ, ਗੱਡੀ ਨੂੰ ਅਗਵਾ ਕੀਤੇ ਜਾਣ ਦੀ ਖ਼ਬਰ

On Punjab