ਤਰਨ ਤਾਰਨ- ਤਰਨ ਤਾਰਨ ਉਪ ਚੋਣ ਸਮੇਂ ਚਰਚਿਤ ਚਿਹਰਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅੱਜ ਝਬਾਲ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਨੇ ਬਤੌਰ ਅਕਾਲੀ ਉਮੀਦਵਾਰ ਤਰਨ ਤਾਰਨ ਦੀ ਉਪ ਚੋਣ ਲੜੀ ਸੀ ਜਿਸ ’ਚ ਉਹ ਚੋਣ ਹਾਰ ਗਏ ਸਨ। ਵੇਰਵਿਆਂ ਅਨੁਸਾਰ ਕੰਚਨਪ੍ਰੀਤ ਕੌਰ ਅਦਾਲਤੀ ਹੁਕਮਾਂ ’ਤੇ ਅੱਜ ਥਾਣਾ ਮਜੀਠਾ ’ਚ ਦਰਜ ਧੋਖਾਧੜੀ ਦੇ ਇੱਕ ਮਾਮਲੇ ਨੂੰ ਲੈ ਕੇ ਪੁਲੀਸ ਤਫ਼ਤੀਸ਼ ’ਚ ਸ਼ਾਮਲ ਹੋਈ ਸੀ। ਮਜੀਠਾ ਪੁਲੀਸ ਨੇ 12 ਨਵੰਬਰ ਨੂੰ ਦਰਜ ਕੇਸ ਦੇ ਸਬੰਧ ’ਚ ਕੰਚਨਪ੍ਰੀਤ ਕੌਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਮਗਰੋਂ ਹੀ ਝਬਾਲ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਚੋਣ ਕਮਿਸ਼ਨ ਨੂੰ ਕਵਰਿੰਗ ਉਮੀਦਵਾਰ ਵਜੋਂ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ’ਚ ਝਬਾਲ ਪੁਲੀਸ ਨੇ ਕੰਚਨਪ੍ਰੀਤ ਕੌਰ ’ਤੇ ਕੇਸ ਦਰਜ ਕੀਤਾ ਹੋਇਆ ਸੀ। ਤਰਨ ਤਾਰਨ ਉਪ ਚੋਣ ਦੌਰਾਨ ਹੀ ਕੰਚਨਪ੍ਰੀਤ ਕੌਰ ਰੂਪੋਸ਼ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਉਹ ਰੂਪੋਸ਼ੀ ਦੌਰਾਨ ਦਿੱਲੀ ਵਿਚ ਰਹੀ। ਚਰਚੇ ਇਹ ਵੀ ਚੱਲੇ ਸਨ ਕਿ ਕੰਚਨਪ੍ਰੀਤ ਕੌਰ ਨੇਪਾਲ ਰਸਤੇ ਵਿਦੇਸ਼ ਚਲੀ ਗਈ ਹੈ ਪ੍ਰੰਤੂ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਸਭ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਹੈ।

