ਨਵੀਂ ਦਿੱਲੀ: ਆਪਣੀ ਗੱਡੀ ਕਬਾੜ ਵਿੱਚ ਸੁੱਟੋ ਤੇ ਸਰਟੀਫਿਕੇਟ ਪਾ ਕੇ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਮੁਫ਼ਤ ਕਰਵਾਓ। ਉਂਝ ਸੁਣਨ ਵਿੱਚ ਇਹ ਅਜੀਬ ਲੱਗੇ ਪਰ ਵਾਤਾਵਰਨ ਸੁਰੱਖਿਆ ਦੇ ਲਿਹਾਜ਼ ਨਾਲ ਇਹ ਫੈਸਲਾ ਕਾਫੀ ਮਹੱਤਵਪੂਰਨ ਹੈ। ਕੇਂਦਰ ਸਰਕਾਰ ਦੀ ਸਕੀਮ ਮੁਤਾਬਕ ਆਪਣੀ ਮਿਆਦ ਪੂਰੀ ਕਰ ਚੁੱਕੇ ਵਾਹਨਾਂ ਨੂੰ ਕਬਾੜ ਵਿੱਚ ਸੁੱਟਵਾ ਕੇ ਬਦਲੇ ਵਿੱਚ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਮੁਫ਼ਤ ਵਿੱਚ ਕਰਵਾ ਸਕਦੇ ਹੋ।
ਸ਼ਰਤ ਇਹ ਹੈ ਕਿ ਇਹ ਸਕਰੈਪਿੰਗ ਪ੍ਰਮਾਣ ਪੱਤਰ ਅਧਿਕਾਰਤ ਏਜੰਸੀ ਵੱਲੋਂ ਹੀ ਜਾਰੀ ਕੀਤਾ ਹੋਣਾ ਚਾਹੀਦਾ ਹੈ। ਇਹ ਮੁਹਿੰਮ ਇਸ ਲਈ ਲਾਹੇਵੰਦ ਹੋ ਸਕਦੀ ਹੈ, ਕਿਉਂਕਿ ਮਿਆਦ ਪੂਰੀ ਕਰ ਚੁੱਕੀ ਗੱਡੀ ਦੀ ਆਰਸੀ ਨਵਿਆਉਣ ਲਈ ਹੁਣ ਪਹਿਲਾਂ ਦੇ ਮੁਕਾਬਲੇ ਵਧੇਰੇ ਖਰਚ ਕਰਨਾ ਹੋਵੇਗਾ।
ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ 15 ਸਾਲ ਤੋਂ ਪੁਰਾਣੇ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਵੀ ਹਰ ਛੇ ਮਹੀਨੇ ਤੇ ਇੱਕ ਸਾਲ ਬਾਅਦ ਜਾਂਚਿਆ ਜਾਵੇਗਾ। ਅਗਲਾ ਪ੍ਰਮਾਣ ਪੱਤਰ ਵਾਹਨ ਦੇ ਸਹੀ ਪਾਏ ਜਾਣ ‘ਤੇ ਹੀ ਜਾਰੀ ਹੋਵੇਗਾ। ਉਕਤ ਕੋਸ਼ਿਸ਼ਾਂ ਨਾਲ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਵਿੱਚ ਹੈ।
ਆਪਣੀ ਗੱਡੀ ਨੂੰ ਕਬਾੜ ਵਿੱਚ ਵੇਚ ਕੇ ਸਕਰੈਪ ਸਰਟੀਫਿਕੇਟ ਹਾਸਲ ਕਰਨ ਲਈ ਮਹਿੰਦਰਾ ਮੈਟਲ ਸਕਰੈਪ ਟਰੇਡ ਕਾਰਪੋਰੇਸ਼ਨ ਲਿਮਟਿਡ ਤੇ ਮਹਿੰਦਰਾ CERO ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਭਾਰਤ ਦਾ ਪਹਿਲਾ ਸਰਕਾਰੀ ਅਧਿਕਾਰਤ ਸਕਰੈਪ ਕੇਂਦਰ ਹੈ।