ਨਵੀਂ ਦਿੱਲੀ: ਔਰਤਾਂ ਲਈ ਦਿੱਲੀ ਮੈਟਰੋ ਤੇ ਬੱਸਾਂ ਵਿੱਚ ਕਿਰਾਇਆ ਮੁਆਫ ਕਰਨ ਮਗਰੋਂ ਹੁਣ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਬਿਰਧ ਵਿਅਕਤੀਆਂ ਲਈ ਤੀਰਥ ਯਾਤਰਾ ਦਾ ਬੰਦੋਬਸਤ ਕੀਤਾ ਹੈ। ਜੂਨ ਦੇ ਤੀਜੇ ਹਫ਼ਤੇ ਵਿੱਚ ਤਕਰੀਬਨ 1,000 ਬਜ਼ੁਰਗਾਂ ਨੂੰ ਤੀਰਥ ਯਾਤਰਾ ‘ਤੇ ਲਿਜਾਇਆ ਜਾਵੇਗਾ। ਇਵੇਂ ਦੀ ਹੀ ਸਕੀਮ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵੀ ਸ਼ੁਰੂ ਕੀਤੀ ਸੀ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਇਸੇ ਮਹੀਨੇ ਦੇ ਤੀਜੇ ਹਫ਼ਤੇ ਤਕ ਹੋ ਜਾਵੇਗੀ। ਇਸ ਦੌਰਾਨ 1000 ਬਜ਼ੁਰਗਾਂ ਨੂੰ ਤੀਰਥ ਯਾਤਰਾ ‘ਤੇ ਲਿਜਾਇਆ ਜਾਵੇਗਾ। ਤਿੰਨ ਦਿਨ ਤੇ ਦੋ ਰਾਤਾਂ ਤਕ ਲੰਮੀ ਇਹ ਯਾਤਰਾ ਅੰਮ੍ਰਿਤਸਰ-ਵਾਹਗਾ ਤੇ ਅਨੰਦਪੁਰ ਸਾਹਿਬ ਲਈ ਜਾਵੇਗੀ।
ਇਸ ਯੋਜਨਾ ਤਹਿਤ ਦਿੱਲੀ ਤੋਂ ਪੰਜ ਰੂਟ ਤੈਅ ਕੀਤੇ ਗਏ ਹਨ। ਮਥੁਰਾ-ਵਰਿੰਦਾਵਨ, ਹਰਿਦੁਆਰ-ਰਿਸ਼ੀਕੇਸ਼-ਨੀਲਕੰਠ, ਪੁਸ਼ਕਰ-ਅਜਮੇਰ, ਅੰਮ੍ਰਿਤਸਰ-ਵਾਹਗਾ-ਅਨੰਦਪੁਰ ਸਾਹਿਬ ਅਤੇ ਵੈਸ਼ਨੋ ਦੇਵੀ-ਜੰਮੂ, ਰੂਟ ਹੋਣਗੇ। ਇਸ ਯੋਜਨਾ ਦਾ ਲਾਭ ਸਿਰਫ ਦਿੱਲੀ ਦੇ ਪੱਕੇ ਨਿਵਾਸੀ, ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰ ਲੈ ਸਕਦੇ ਹਨ।
ਬਜ਼ੁਰਗ ਆਪਣੇ ਨਾਲ 18 ਸਾਲ ਜਾਂ ਇਸ ਤੋਂ ਵੱਡੇ ਕਿਸੇ ਵਿਅਕਤੀ ਨੂੰ ਨਾਲ ਲਿਜਾ ਸਕਦੇ ਹਨ। ਬਜ਼ੁਰਗ ਯਾਤਰੀ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਣ ਚਾਹੀਦੀ ਅਤੇ ਇੱਕ ਲੱਖ ਰੁਪਏ ਦਾ ਬੀਮਾ ਵੀ ਕੀਤਾ ਜਾਵੇਗਾ। ਸਾਰੇ ਫਾਰਮ ਆਨਲਾਈਨ ਭਰੇ ਜਾਣਗੇ।