ਪੁਣੇ: ਕਾਂਗਰਸ ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫੇ ਮਗਰੋਂ ਕਈ ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦਾਅਵੇਦਾਰੀ ‘ਚ ਆਮ ਜਨਤਾ ਵੀ ਪਿੱਛੇ ਨਹੀਂ। ਹਾਲ ਹੀ ‘ਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪੁਣੇ ਦੇ ਇੰਜਨੀਅਰ ਗਜਾਨੰਦ ਹੋਸਾਲੇ ਨੇ ਕਿਹਾ ਕਿ ਉਹ ਇਸ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨਗੇ। ਹੋਸਾਲੇ ਸ਼ਹਿਰ ਪ੍ਰਮੁੱਖ ਨੂੰ ਕੌਮੀ ਪ੍ਰਧਾਨ ਦੇ ਅਹੁਦੇ ਲਈ ਫਾਰਮ ਭਰਕੇ ਭੇਜਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦਾ ਦੁਬਾਰਾ ਗਠਨ ਹੋਣਾ ਇਸ ਸਮੇਂ ਦੇਸ਼ ਲਈ ਬੇੱਹਦ ਜ਼ਰੂਰੀ ਹੈ। ਅਜਿਹੇ ਸਮੇਂ ‘ਚ ਕਾਂਗਰਸ ਨੂੰ ਆਪਣੀ ਨੁਮਾਇੰਦਗੀ ਨੌਜਵਾਨਾਂ ਦੇ ਹੱਥਾਂ ‘ਚ ਦੇਣੀ ਚਾਹੀਦੀ ਹੈ। ਗਜਾਨੰਦ ਦਾ ਕਹਿਣਾ ਹੈ, “ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਉਹ ਆਪਣੇ ਫੈਸਲੇ ‘ਤੇ ਕਾਇਮ ਹਨ। ਅਜਿਹੇ ‘ਚ ਇਹ ਬਹੁਤ ਵੱਡੀ ਉਲਝਣ ਹੈ ਕਿ ਕਿਹੜੇ ਵਿਅਕਤੀ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਪਾਰਟੀ ਪ੍ਰਧਾਨ ਦੇ ਤੌਰ ‘ਤੇ ਮੇਰੀ ਅਰਜ਼ੀ ਸਵੀਕਾਰ ਕਰੇ।”
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਖਾਲੀ ਹੋਣ ਕਰਕੇ ਕਈ ਵਰਕਰ ਨਿਰਾਸ਼ ਹਨ ਤੇ ਕੁਝ ਪਾਰਟੀ ਛੱਡ ਰਹੇ ਹਨ। ਜਦਕਿ ਲੋਕ ਦੂਜੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਪ੍ਰਧਾਨਗੀ ਦਾ ਅੁਹਦਾ ਖਾਲੀ ਹੋਣ ਕਰਕੇ ਪਾਰਟੀ ਦਾ ਪ੍ਰਦਰਸ਼ਨ ਕਾਫੀ ਖ਼ਰਾਬ ਹੋ ਰਿਹਾ ਹੈ। ਗਜਾਨੰਦ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਨਿਯਮਾਂ ਮੁਤਾਬਕ ਇਸ ਫਾਰਮ ਨੂੰ ਭਰਕੇ ਭੇਜਣਗੇ।