ਸੋਲਨ: ਲੰਮੇ ਸਮੇਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸਬੇ ਕੁਮਾਰਹੱਟੀ ਨੇੜੇ ਇੱਕ ਹੋਟਲ ਦੀ ਇਮਾਰਤ ਢਹਿ-ਢੇਰੀ ਹੋ ਗਈ। ਸੋਲਨ-ਨਾਹਨ ਮਾਰਗ ‘ਤੇ ਬਣੇ ਸਹਿਜ ਢਾਬੇ ਤੇ ਗੈਸਟ ਹਾਊਸ ਦੀ ਇਮਾਰਤ ਦੇ ਮਲਬੇ ਹੇਠਾਂ ਭਾਰਤੀ ਫ਼ੌਜ ਦੇ ਜਵਾਨਾਂ ਸਮੇਤ ਤਕਰੀਬਨ 30 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਇਸ ਦੁਰਘਟਨਾ ਵਿੱਚ ਇੱਕ ਮਰਦ ਤੇ ਇੱਕ ਔਰਤ ਦੇ ਮਾਰੇ ਜਾਣ ਦੀ ਖ਼ਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਸਮ ਰਾਈਫ਼ਲ ਦੇ ਜਵਾਨ ਆਪਣੇ ਪਰਿਵਾਰਾਂ ਨਾਲ ਡਗਸ਼ਈ ਤੋਂ ਪਾਰਟੀ ਕਰਨ ਇੱਥੇ ਆਏ ਸਨ। ਰਸਤੇ ਵਿੱਚ ਰੋਟੀ ਖਾਣ ਲਈ ਇਸ ਢਾਬੇ ‘ਤੇ ਰੁਕੇ ਸਨ ਅਤੇ ਇਸ ਸਮੇਂ ਦੌਰਾਨ ਇਹ ਹਾਦਸਾ ਵਾਪਰ ਗਿਆ। ਹਿਮਾਚਲ ਪ੍ਰਦੇਸ਼ ‘ਚ ਵੀ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜ਼ਿਆਦਾ ਮੀਂਹ ਪੈਣ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ।
ਹੁਣ ਤਕ ਤਕਰੀਬਨ 22 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ, ਪਰ ਹਾਲੇ ਵੀ ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ।