ਪਟਨਾ: ਲੋਕ ਸਭਾ ਚੋਣਾਂ 2019 ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਨੂੰ ਕਰਾਰੀ ਹਾਰ ਮਿਲੀ ਹੈ। ਇਸ ਤੋਂ ਬਾਅਦ ਰਿਮਜ਼ ਦੇ ਪੇਇੰਗ ਵਾਰਡ ਵਿੱਚ ਦਾਖ਼ਲ ਲਾਲੂ ਦੀ ਡੇਅਲੀ ਰੂਟੀਨ ਵਿਗੜ ਗਈ ਹੈ ਜਿਸ ਨੂੰ ਲੈ ਕੇ ਡਾਕਟਰ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦਿਨ ਦਾ ਖਾਣਾ ਛੱਡ ਦਿੱਤਾ ਹੈ। ਰਿਮਜ਼ ਦੇ ਡਾਕਟਰਾਂ ਮੁਤਾਬਕ ਪਿਛਲੇ 3 ਦਿਨਾਂ ਤੋਂ ਲਾਲੂ ਨਾ ਤਾਂ ਸੌਂ ਪਾ ਰਹੇ ਹਨ ਤੇ ਨਾ ਹੀ ਦੁਪਹਿਰ ਦਾ ਖਾਣਾ ਖਾ ਰਹੇ ਹਨ।
ਰਿਮਜ਼ ਵਿੱਚ ਲਾਲੂ ਪ੍ਰਸਾਦ ਦਾ ਇਲਾਜ ਕਰ ਰਹੇ ਪ੍ਰੋ. ਡਾ. ਉਮੇਸ਼ ਪ੍ਰਸਾਦ ਨੇ ਦੱਸਿਆ ਕਿ ਉਹ ਸਵੇਰ ਦਾ ਨਾਸ਼ਤਾ ਵੀ ਬਿਨਾਂ ਮਨ ਦੇ ਹੀ ਕਰ ਰਹੇ ਹਨ ਪਰ ਦੁਪਹਿਰ ਦਾ ਖਾਣਾ ਤਾਂ ਬਿਲਕੁਲ ਹੀ ਛੱਡ ਦਿੱਤਾ ਹੈ। ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਇੰਸੂਲਿਨ ਦੇਣ ਵਿੱਚ ਕਾਫੀ ਦਿੱਕਤ ਆ ਰਹੀ ਹੈ। ਡਾਕਟਰ ਮੁਤਾਬਕ ਤਣਾਓ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਇਹ ਹਾਲਤ ਹੋ ਗਈ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜੇ ਲਾਲੂ ਨੇ ਸਹੀ ਤਰ੍ਹਾਂ ਖਾਣਾ ਨਾ ਖਾਧਾ ਤਾਂ ਉਨ੍ਹਾਂ ਨੂੰ ਸਮੇਂ ਸਿਰ ਦਵਾਈ ਨਹੀਂ ਦਿੱਤੀ ਜਾ ਸਕੇਗੀ। ਉਨ੍ਹਾਂ ਦੀ ਸਿਹਤ ‘ਤੇ ਵੀ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਠੀਕ ਨਹੀਂ ਸੀ। ਡਾਕਟਰ ਨੇ ਕਿਹਾ ਕਿ ਜੇ ਇਹ ਸਥਿਤੀ ਬਣੀ ਰਹੀ ਤਾਂ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਐਨਡੀਏ ਨੇ 40 ਵਿੱਚੋਂ 39 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਲਾਲੂ ਪ੍ਰਸਾਦ ਦੀ RJD ਤਾਂ ਖ਼ਾਤਾ ਵੀ ਨਹੀਂ ਖੋਲ੍ਹ ਪਾਈ। RJD ਨੇ ਕਾਂਗਰਸ, ਰਾਲੋਸਪਾ, ਹਮ ਤੇ ਵੀਆਈਪੀ ਪਾਰਟੀ ਨਾਲ ਮਹਾਗਠਜੋੜ ਕਰ ਕੇ ਚੋਣ ਲੜੀ ਸੀ। ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲੀ ਹੈ।