ਚੰਡੀਗੜ੍ਹ: ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਜੋਕੇ ਪੰਜਾਬੀ ਕਲਾਕਾਰ ਹਨੀ ਸਿੰਘ ਖ਼ਿਲਾਫ਼ ਕੇਸ ਦਰਜ ਕਰਵਾਉਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਤੋਂ ਬਾਅਦ ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪੰਜਾਬੀ ਗਾਣਿਆਂ ‘ਤੇ ਵਿਸ਼ੇਸ਼ ਸੈਂਸਰ ਬੋਰਡ ਬਣਾਉਣ ਦੀ ਅਪੀਲ ਵੀ ਕੀਤੀ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਹਨੀ ਸਿੰਘ ਦੇ ਗਾਣਿਆਂ ਖ਼ਿਲਾਫ਼ ਸੂ ਮੋਟੋ ਨੋਟਿਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫ਼ੋਨ ਆਉਣ ਲੱਗੇ। ਉਨ੍ਹਾਂ ਇਸ ਦੀ ਸ਼ਿਕਾਇਤ ਪੰਜਾਬ ਪੁਲਿਸ ਮੁਖੀ ਨੂੰ ਕਰ ਦਿੱਤੀ ਹੈ। ਗੁਲਾਟੀ ਨੇ ਕਿਹਾ ਕਿ ਧਮਕੀ ਦੇਣ ਵਾਲੇ ਨੇ ਉਨ੍ਹਾਂ ਨੂੰ ਮਾਮਲੇ ਤੋਂ ਪਿੱਛੇ ਹੱਟਣ ਦੀ ਸਲਾਹ ਦਿੱਤੀ। ਇਸ ਮਾਮਲ ਦੀ ਤਫ਼ਤੀਸ਼ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।
ਗੁਲਾਟੀ ਨੇ ਇਹ ਵੀ ਕਿਹਾ ਕਿ ਜੇਕਰ ਹਨੀ ਸਿੰਘ ਆਪਣੀ ਜ਼ਮਾਨਤ ਲਈ ਚਾਰਾਜੋਈ ਕਰੇਗਾ ਤਾਂ ਮਹਿਲਾ ਕਮਿਸ਼ਨ ਇਸ ਦੀ ਖ਼ਿਲਾਫ਼ਤ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਨਗੇ ਕਿ ਪੰਜਾਬੀ ਗਾਣਿਆਂ ਵਿੱਚ ਔਰਤਾਂ ਖ਼ਿਲਾਫ਼ ਵਰਤੀ ਜਾਣ ਵਾਲੀ ਭੱਦੀ ਸ਼ਬਦਾਵਲੀ ਨੂੰ ਰੋਕਣ ਲਈ ਸੈਂਸਰ ਬੋਰਡ ਬਣਾਇਆ ਜਾਵੇ।