ਬੇਹਿਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ.!! ਇਹ ਸਤਰਾਂ ਬਾਬਾ ਨਜ਼ਮੀ ਜੀ ਦੀਆਂ ਹਨ। ਜਿਨ੍ਹਾਂ ਨੇ ਹਿੰਮਤ ਕਰਕੇ ਪ੍ਰਾਪਤੀਆਂ ਕਰਨ ਵਾਲੇ ਲੋਕਾਂ ‘ਤੇ ਲਿਖੀਆਂ ਸਨ। ਇਹ ਸਤਰਾਂ ਜ਼ਿਲ੍ਹਾਲੁਧਿਆਣਾ ਵਿਚ ਰਹਿਣ ਵਾਲੇ 15 ਸਾਲਾ ਅਭਿਨੇਤਾ ਯਸ਼ਦੀਪ ਸਿੰਘ ‘ਯਸ਼’ ‘ਤੇ ਢੁੱਕਦੀਆਂ ਹਨ। ਕਿਉਂਕਿ ਯਸ਼ ਨੇ ਆਪਣੀ 15 ਸਾਲਾ ਉਮਰ ਦੇ ਵਿਚ ਹੀ ਅਜਿਹਾ ਕੁਝ ਕਰ ਵਿਖਾਇਆ ਕਿ ਲੁਧਿਆਣਾ ਵਾਸੀਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ।
ਭਾਵੇਂ ਹੀ ਯਸ਼ ਨੇ ਹੁਣ ਤੱਕ ਕਰੀਬ ਤਿੰਨ ਫਿਲਮਾਂ ਦੇ ਵਿਚ ਕੰਮ ਕੀਤਾ ਹੈ, ਪਰ ਇਨ੍ਹਾਂ ਤਿੰਨ ਫਿਲਮਾਂ ਦੇ ਦੌਰਾਨ ਜੋ ਕੁਝ ਉਸ ਨੇ ਪ੍ਰਾਪਤ ਕੀਤਾ ਉਹ ਸ਼ਾਇਦ ਹੀ ਕਿਸੇ ਹੋਰ ਅਭਿਨੇਤਾ ਨੇ ਇੰਨੀਂ ਨਿੱਕੀ ਉਮਰੇ ਪ੍ਰਾਪਤ ਕੀਤਾ ਹੋਵੇ। ਯਸ਼ਦੀਪ ਸਿੰਘ ਦਾ ਜਨਮ 13 ਸਤੰਬਰ 2002 ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਘਰ ਬਲਜਿੰਦਰ ਕੌਰ (ਨੂਰ) ਦੀ ਕੁੱਖੋਂ ਹੋਇਆ। ਯਸ਼ਦੀਪ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਦੇ ਹੀ ਇਕ ਪ੍ਰਾਈਵੇਟ ਸਕੂਲ ਤੋਂ ਕੀਤੀ। ਪੜ੍ਹਾਈ ਦੇ ਨਾਲ ਨਾਲ ਯਸ਼ਦੀਪ ਸਿੰਘ ਨੇ ਸਕੂਲ ਵਿਚ ਹੋਣ ਵਾਲੇ ਜਾਗਰੂਕਤਾ ਨਾਟਕਾਂ ਤੋਂ ਇਲਾਵਾ ਗੀਤ ਸੰਗੀਤ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ।
ਨਿੱਕੀ ਉਮਰ ਤੋਂ ਹੀ ਯਸ਼ਦੀਪ ਸਿੰਘ ਨੂੰ ਐਕਟਿੰਗ ਕਰਨ ਦਾ ਬਹੁਤ ਸ਼ੌਕ ਸੀ ਅਤੇ ਹੌਲੀ ਹੌਲੀ ਸਕੂਲ ਵਿਚ ਪੜ੍ਹਾਈ ਦੇ ਦੌਰਾਨ ਹੀ ਉਸ ਨੂੰ ਇਕ ਪੰਜਾਬੀ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ। ਯਸ਼ਦੀਪ ਸਿੰਘ ਨੇ ਫਿਲਮ ਵਿਚ ਕੰਮ ਕਰਨ ਬਾਰੇ ਆਪਣੀ ਮਾਂ ਬਲਜਿੰਦਰ ਕੌਰ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਮਾਂ ਨੇ ਵੀ ਕਿਹਾ ਕਿ ਯਸ਼ ਪੁੱਤ ਕਰ ਲਾ ਫਿਲਮ ਵਿਚ ਕੰਮ। ਸੋ ਯਸ਼ ਦੀ ਪਹਿਲੀ ਫਿਲਮ ਕਾਫੀ ਜ਼ਿਆਦਾ ਹਿੱਟ ਰਹੀ ਅਤੇ ਉਸ ਤੋਂ ਬਾਅਦ ਯਸ਼ ਨੂੰ ਦੋ ਹੋਰ ਫਿਲਮਾਂ ਵਿਚ ਕੰਮ ਕਰਨ ਲਈ ਡਾਇਰੈਕਟਰਾਂ ਦੇ ਫੋਨ ਆਏ ਅਤੇ ਇਸ ਦੌਰਾਨ ਯਸ਼ ਨੇ ਡਾਇਰੈਕਟਰਾਂ ਨੂੰ ਵੀ ਫਿਲਮਾਂ ਵਿਚ ਕੰਮ ਕਰਨ ਲਈ ਹਾਂ ਕਹਿ ਦਿੱਤੀ।
ਯਸ਼ਦੀਪ ਸਿੰਘ ਨੇ ਕਈ ਪੰਜਾਬੀ ਗਾਣਿਆਂ ਵਿਚ ਕਈ ਮਸ਼ਹੂਰ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਕਈ ਸ਼ਾਰਟ ਫਿਲਮਾਂ ਵੀ ਬਣਾਈਆਂ ਹਨ। ਯਸ਼ਦੀਪ ਸਿੰਘ ਨੇ ”ਅਕਸਰ ਰੰਗਮੰਚ” ਵਿਚ ਕੰਮ ਕੀਤਾ ਹੈ ਅਤੇ ਹੁਣ ਵੀ ਸ਼ੋਅ ਆਦਿ ਕਰ ਰਿਹਾ ਹੈ। ਯਸ਼ਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੇ ਅੰਦਰ ਉਹ ਫਿਲਹਾਲ ਥੇਟਰ ਹੀ ਕਰ ਰਿਹਾ ਹੈ ਅਤੇ ਉਸ ਨੂੰ ਮੁੰਬਈ ਤੋਂ ਫਿਲਮਾਂ ਵਿਚ ਕੰਮ ਕਰਨ ਲਈ ਬਹੁਤ ਸਾਰੀਆਂ ਕਾਲਾਂ ਵੀ ਆ ਰਹੀਆਂ ਹਨ।
ਯਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਚੰਗਾ ਅਭਿਨੇਤਾ ਬਣ ਕੇ ਸਮਾਜ ਦੇ ਲਈ ਚੰਗੀਆਂ ਫਿਲਮਾਂ ਲੈ ਕੇ ਆਉਣ ਵਾਲੇ ਸਮੇਂ ਵਿਚ ਪੇਸ਼ ਹੋਵੇਗਾ। ਯਸ਼ਦੀਪ ਮੁਤਾਬਿਕ ਉਸ ਨੇ ਬਾਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਦੀ ਵੀ ਵਰਕਸ਼ਾਪ ਲਗਾਈ ਹੈ। ਯਸ਼ਦੀਪ ਸਿੰਘ ਨੇ ਪੰਜਾਬ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਰੰਗਮੰਚ ਨਾਲ ਜੁੜਣ ਲਈ ਆਖਿਆ।
ਲੇਖਕ: ਦਿਲਪ੍ਰੀਤ ਚੰਡੀਗੜ੍ਹ