ਨਵੀਂ ਦਿੱਲੀ: ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਭਾਰਤ ਨਿਊਜ਼ੀਲੈਂਡ ਕੋਲੋਂ 18 ਦੌੜਾਂ ਦੇ ਫਰਕ ਨਾਲ ਹਾਰ ਗਿਆ। ਇਸ ਦੇ ਨਾਲ ਹੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਸ਼ੁਮਾਰ ਭਾਰਤ ਵਿਸ਼ਵ ਕੱਪ ਦੀ ਦੌੜ ਵਿੱਚੋਂ ਬਾਹਰ ਹੋ ਗਿਆ। ਕਪਤਾਨ ਵਿਰਾਟ ਕੋਹਲੀ ਨੇ ਮੈਚ ਹਾਰਨ ਬਾਅਦ ਟਵੀਟ ਕਰਕੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਸਾਰੇ ਵੀ ਨਿਰਾਸ਼ ਹਨ। ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਨ੍ਹਾਂ ਦਿੱਤਾ। ਪ੍ਰੈੱਸ ਕਾਨਫਰੰਸ ਕਰਕੇ ਕੋਹਲੀ ਨੇ ਕਿਹਾ ਕਿ 45 ਮਿੰਟਾਂ ਦੇ ਖਰਾਬ ਕ੍ਰਿਕਟ ਨੇ ਉਨ੍ਹਾਂ ਨੂੰ ਵਰਲਡ ਕੱਪ ਵਿੱਚੋਂ ਬਾਹਰ ਕਰ ਦਿੱਤਾ।ਕੋਹਲੀ ਨੇ ਟਵੀਟ ਕਰਕੇ ਸਭ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ‘ਚ ਮੈਨਚੈਸਟਰ ਪਹੁੰਚੇ। ਉਸ ਨੇ ਕਿਹਾ ਕਿ ਪ੍ਰਸ਼ੰਸਕਾਂ ਨੇ ਉਨ੍ਹਾਂ ਸਾਰਿਆਂ ਲਈ ਯਾਦਗਾਰ ਟੂਰਨਾਮੈਂਟ ਬਣਾ ਦਿੱਤਾ ਤੇ ਉਨ੍ਹਾਂ ਨਿਸਚਿਤ ਤੌਰ ‘ਤੇ ਇਸ ਪਿਆਰ ਨੂੰ ਮਹਿਸੂਸ ਕੀਤਾ। ਉਸ ਨੇ ਲਿਖਿਆ ਕਿ ਉਹ ਸਾਰੇ ਵੀ ਨਿਰਾਸ਼ ਹਨ। ਤੁਹਾਡੀਆਂ ਤੇ ਸਾਡੀਆਂ ਭਾਵਨਾਵਾਂ ਸਮਾਨ ਹਨ। ਸਾਡੇ ਕੋਲ ਜੋ ਕੁਝ ਵੀ ਸੀ, ਅਸੀਂ ਦਿੱਤਾ।
ਇਸ ਬਾਰੇ ਪੀਐਮ ਮੋਦੀ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪੂਰੇ ਟੂਰਨਾਮੈਂਟ ਵਿੱਚ ਚੰਗੀ ਬੱਲੇਬਾਜ਼ੀ ਕੀਤੀ, ਜਿਸ ‘ਤੇ ਉਨ੍ਹਾਂ ਨੂੰ ਬਹੁਤ ਮਾਣ ਹੈ। ਜਿੱਤ ਤੇ ਹਾਰ ਜੀਵਨ ਦਾ ਇੱਕ ਹਿੱਸਾ ਹੈ। ਮੋਦੀ ਨੇ ਟੀਮ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਤੋਂ ਇਲਾਵਾ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਿਹਾ ਕਿ ਭਾਵੇਂ ਅੱਜ ਕਰੋੜਾਂ ਦਿਲ ਟੁੱਟੇ ਹਨ ਪਰ ਟੀਮ ਇੰਡੀਆ ਨੇ ਲੜਾਈ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਤੁਸੀਂ ਪਿਆਰ ਤੇ ਆਦਰ ਦੇ ਹੱਕਦਾਰ ਹੋ।