ਰੋਹਤਕ: ਹਰਿਆਣਾ ਦੇ ਰੋਹਤਕ ਸ਼ਹਿਰ ‘ਚ ਅੱਜ ਵੱਡਾ ਹਾਦਸਾ ਹੋ ਗਿਆ। ਸੈਪਟਿਕ ਟੈਂਕ ਦੀ ਸਫਾਈ ਕਰਨ ਉੱਤਰੇ ਚਾਰ ਕਰਮਚਾਰੀਆਂ ਦੀ ਮੌਤ ਜ਼ਹਿਰੀਲੀ ਗੈਸ ਚੜ੍ਹਨ ਕਰਕੇ ਹੋ ਗਈ। ਜਾਣਕਾਰੀ ਮੁਤਾਬਕ ਇਨ੍ਹਾਂ ਕਰਮੀਆਂ ਕੋਲ ਜ਼ਹਿਰੀਲੀ ਗੈਸ ਤੋਂ ਬਚਾਅ ਲਈ ਕੋਈ ਉਪਕਰਨ ਵੀ ਨਹੀਂ ਸੀ। ਮਰਨ ਵਾਲਿਆਂ ‘ਚ ਦੋ ਰੋਹਤਕ, ਇੱਕ ਯੂਪੀ ਤੇ ਇੱਕ ਕੈਥਲ ਦਾ ਸੀ।
ਘਟਨਾ ਸ਼ਹਿਰ ਦੇ ਕੱਚਾ ਬੇਰੀ ਰੋਡ ‘ਤੇ ਬਣੇ ਸਲਾਟਰ ਹਾਉਸ ਕੋਲ ਦੀ ਹੈ। ਸੈਪਟਿਕ ਦੀ ਸਫਾਈ ਲਈ ਪਹਿਲਾਂ ਦੋ ਕਰਮਚਾਰੀ ਟੈਂਕ ‘ਚ ਸਵੇਰੇ 9:30 ਵਜੇ ਉੱਤਰੇ ਪਰ ਜ਼ਹਿਰੀਲੀ ਗੈਸ ਦੇ ਪ੍ਰਭਾਵ ‘ਚ ਹੋਣ ਕਰਕੇ ਦੋਵੇਂ ਬੇਹੋਸ਼ ਹੋ ਕੇ ਗੰਦੇ ਪਾਣੀ ‘ਚ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਦੋ ਸਾਥੀ ਹੋਰ ਟੈਂਕ ‘ਚ ਉੱਤਰ ਗਏ ਤੇ ਉਹ ਵੀ ਜ਼ਹਿਰੀਲੀ ਗੈਸ ਕਰਕੇ ਬੇਹੋਸ਼ ਹੋਣ ਕਰਕੇ ਗੰਦੇ ਪਾਣੀ ‘ਚ ਡੁੱਬ ਗਏ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੋ ਮ੍ਰਿਤਕਾਂ ਦੀ ਲਾਸ਼ਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਬਾਕੀ ਦੋ ਦੀਆਂ ਲਾਸ਼ਾਂ ਲਈ ਕਾਫੀ ਮਸ਼ੱਕਤ ਕੀਤੀ ਗਈ। ਇਸ ਲਈ ਸੈਪਟਿਕ ਟੈਂਕ ਨੂੰ ਮਸ਼ੀਨਾਂ ਨਾਲ ਖਾਲੀ ਕੀਤਾ ਗਿਆ।
ਇਸ ਦੌਰਾਨ ਸਫਾਈ ਕਰਮਚਾਰੀ ਯੂਨੀਅਨ ਦੇ ਨੇਤਾ ਸੰਜੈ ਕੁਮਾਰ ਨੇ ਕਾਰਜ ਪ੍ਰਣਾਲੀ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਕਰਮੀਆਂ ਨੂੰ ਜ਼ਹਿਰੀਲੀ ਗੈਸ ਤੋਂ ਬਚਾਅ ਲਈ ਉਪਕਰਨ ਵੀ ਨਹੀਂ ਦਿੱਤੇ ਜਾਂਦੇ। ਜੇਕਰ ਕੋਈ ਇਸ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।