ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ INX ਮੀਡੀਆ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਕਾਂਗਰਸ ਨੇਤਾ ਪੀ.ਚਿਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ । ਦਰਅਸਲ, ਚਿਦੰਬਰਮ ‘ਤੇ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਨਾਲ ਜੁੜਿਆ ਹੋਇਆ ਹੈ । ਇਸ ਤੋਂ ਪਹਿਲਾਂ ਚਿਦੰਬਰਮ ਨੂੰ CBI ਨਾਲ ਜੁੜੇ ਮਾਮਲੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਸੁਪਰੀਮ ਕੋਰਟ ਵੱਲੋਂ ਚਿਦੰਬਰਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ 15 ਨਵੰਬਰ ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ । ਚਿਦੰਬਰਮ ਵੱਲੋਂ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ । ਜਿਸ ‘ਤੇ ਸੁਪਰੀਮ ਕੋਰਟ ਦੀ ਬੈਂਚ ਵੱਲੋਂ 28 ਨਵੰਬਰ ਨੂੰ ਸੁਣਵਾਈ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ।ਦਰਅਸਲ, ਕੋਰਟ ਵੱਲੋਂ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਲਾਈਆਂ ਗਈਆਂ ਹਨ, ਜਿਨ੍ਹਾਂ ਅਨੁਸਾਰ ਚਿਦੰਬਰਮ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ । ਇਸ ਤੋਂ ਇਲਾਵਾ ਕੋਰਟ ਵੱਲੋਂ ਇਸ ਮਾਮਲੇ ਦੇ ਸਬੰਧ ਵਿਚ ਮੀਡੀਆ ਵਿੱਚ ਇੰਟਰਵਿਊ ਦੇਣ ‘ਤੇ ਵੀ ਰੋਕ ਲਗਾਈ ਗਈ ਹੈ । ਜ਼ਿਕਰਯੋਗ ਹੈ ਕਿ ਚਿਦੰਬਰਮ ਪਿਛਲੇ 107 ਦਿਨਾਂ ਤੋਂ ਨਿਆਂਇਕ ਹਿਰਾਸਤ ਵਿਚ ਸਨ । ਉਨ੍ਹਾਂ ਨੂੰ CBI ਵੱਲੋਂ 21 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।ਸ ਦੇਈਏ ਕਿ INX ਮੀਡੀਆ ਗਰੁੱਪ ਨੂੰ 2007 ਵਿੱਚ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਪ੍ਰਾਪਤ ਕਰਨ ਦੇ ਸੰਬੰਧ ਵਿਚ ਬੇਨਿਯਮੀਆਂ ਸਾਹਮਣੇ ਆਈਆਂ ਸਨ । ਜਿਸ ਕਾਰਨ ਇਸ ਫੰਡ ਲਈ ਕਲੀਅਰੈਂਸ ਦੇਣ ਵਿਚ ਵਿਦੇਸ਼ੀ ਨਿਵੇਸ਼ ਪਰਮੋਸ਼ਨ ਬੋਰਡ ਵਿੱਚ ਗੜਬੜੀਆਂ ਹੋਈਆਂ ਸਨ । ਉਸ ਸਮੇਂ ਪੀ. ਚਿਦੰਬਰਮ ਵਿੱਤ ਮੰਤਰੀ ਸਨ । ਜਿਸ ਕਾਰਨ CBI ਵੱਲੋਂ 2017 ਵਿਚ ਚਿਦੰਬਰਮ ਖਿਲਾਫ FIR ਦਰਜ ਕੀਤੀ ਗਈ ਸੀ ।