82.51 F
New York, US
July 27, 2024
PreetNama
ਖਬਰਾਂ/News

ਸਿੱਖਸ ਫ਼ਾਰ ਜਸਟਿਸ’ ਵੱਲੋਂ ਕੈਨੇਡਾ ’ਚ ਭਾਰਤ ਸਰਕਾਰ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ

ਖ਼ਾਲਿਸਤਾਨ–ਪੱਖੀ ਅਮਰੀਕੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ (SFJ – Sikhs For Justice) ਨੇ ਭਾਰਤ ਸਰਕਾਰ ਵਿਰੁੱਧ ਕੈਨੇਡਾ ਦੀ ਅਦਾਲਤ ’ਚ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ ਹੈ। ਭਾਰਤ ਸਰਕਾਰ ਦਾ ਦੋਸ਼ ਹੈ ਕਿ ‘ਸਿੱਖਸ ਫ਼ਾਰ ਜਸਟਿਸ’ ਦਹਿਸ਼ਤਗਰਦੀ ਦੀ ਹਮਾਇਤ ਕਰਦੀ ਹੈ ਤੇ ਇਸ ਵੇਲੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੀ ਹੈ।

ਪ੍ਰਸਤਾਵਿਤ ‘ਸਿੱਖ ਰਾਇਸ਼ੁਮਾਰੀ–2020’ ਕਰਵਾਉਣ ਲਈ ਮੋਹਰੀ ‘ਸਿੱਖਸ ਫ਼ਾਰ ਜਸਟਿਸ’ ਨੇ ਇੱਕ ਭਾਰਤੀ ਮੀਡੀਆ ਹਾਊਸ ਵਿਰੁੱਧ ਵੀ ਇਹੋ ਮਾਨਹਾਨੀ ਦਾ ਕੇਸ ਕਰਦਿਆਂ 10 ਲੱਖ ਕੈਨੇਡੀਅਨ ਡਾਲਰ ਭਾਵ 5.22 ਕਰੋੜ ਰੁਪਏ ਦਾ ਦਾਅਵਾ ਠੋਕਿਆ ਹੈ।

ਇਹ ਦਾਅਵਾ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਸਥਿਤ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਦਾਇਰ ਕੀਤਾ ਗਿਆ ਹੈ ਤੇ ਇੱਥੇ ਅਦਾਲਤ ਵਿੱਚ ‘ਸਿੱਖਸ ਫ਼ਾਰ ਜਸਟਿਸ’ ਦੀ ਨੁਮਾਇੰਦਗੀ ‘ਸਟਾੱਕਵੁੱਡ ਐੱਲਐੱਲਪੀ ਬੈਰਿਸਟਰਜ਼’ ਨਾਂਅ ਦੀ ਵਕੀਲਾਂ ਦੀ ਇੱਕ ਫ਼ਰਮ ਕਰੇਗੀ।

ਇਸ ਫ਼ਰਮ ਦੇ ਅਟਾਰਨੀ ਨਾਦਿਰ ਆਰ. ਹਸਨ ਨੇ ਕਿਹਾ ਕਿ ਭਾਰਤ ਸਰਕਾਰ ਨੇ ‘ਸਿੱਖਸ ਫ਼ਾਰ ਜਸਟਿਸ’ ਵਿਰੁੱਧ ਜਿਹੜੇ ਵੀ ਬਿਆਨ ਦਿੱਤੇ ਹਨ, ਉਹ ਸੱਚ ਨਹੀਂ ਹਨ ਤੇ ਅਪਮਾਨਜਨਕ ਹਨ ਕਿਉਂਕਿ ਇਹ ਤਾਂ ਬਹੁਤ ਸਤਿਕਾਰਤ ਮਨੁੱਖੀ ਅਧਿਕਾਰ ਸੰਗਠਨ ਹੈ।

ਇਸ ਤੋਂ ਪਹਿਲਾਂ ਕੱਲ੍ਹ ਬੁੱਧਵਾਰ ਨੂੰ ਭਾਰਤ ਨੇ ਅਮਰੀਕਾ ਸਥਿਤ ‘ਸਿੱਖਸ ਫ਼ਾਰ ਜਸਟਿਸ’ ਨਾਂਅ ਦੀ ਜੱਥੇਬੰਦੀ ਉੱਤੇ ਪਾਬੰਦੀ ਲਾ ਦਿੱਤੀ ਸੀ। ਚੇਤੇ ਰਹੇ ਕਿ ਇਹ ਜੱਥੇਬੰਦੀ ਲਗਾਤਾਰ ਵੱਖਵਾਦੀ ਪ੍ਰਚਾਰ ਕਰਦੀ ਰਹਿੰਦੀ ਹੈ ਤੇ ਪਿਛਲੇ ਕੁਝ ਸਮੇਂ ਤੋਂ ਇਹ ‘ਸਿੱਖ ਰੈਫ਼ਰੈਂਡਮ 2020’ (ਸਿੱਖ ਰਾਇਸ਼ੁਮਾਰੀ) ਦਾ ਪ੍ਰਚਾਰ ਜ਼ੋਰ–ਸ਼ੋਰ ਨਾਲ ਕਰਦੀ ਰਹੀ ਹੈ।

ਇਹ ਜੱਥੇਬੰਦੀ ਇੰਗਲੈਂਡ ਤੇ ਪਾਕਿਸਤਾਨ ਵਿੱਚ ਕਾਫ਼ੀ ਸਰਗਰਮ ਹੈ। ਇਸ ਮਾਮਲੇ ਦਾ ਮਜ਼ੇਦਾਰ ਪੱਖ ਇਹ ਵੀ ਹੈ ਕਿ ਪਾਕਿਸਤਾਨ ਨੇ ਇਸ ਵਰ੍ਹੇ ਅਪ੍ਰੈਲ ’ਚ ਹੀ ‘ਸਿੱਖਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾ ਦਿੱਤੀ ਸੀ।

‘ਸਿੱਖਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾਉਣ ਦਾ ਫ਼ੈਸਲਾ ਦਿੱਲੀ ਦੀ ਭਾਰਤ ਸਰਕਾਰ ਨੇ ਲਿਆ ਹੈ। ਇੱਥੇ ਵਰਨਣਯੋਗ ਹੈ ਕਿ ਪੁਲਿਸ ਪਹਿਲਾਂ ਹੀ ਭਾਰਤ ਵਿੱਚ ‘ਸਿੱਖਸ ਫ਼ਾਰ ਜਸਟਿਸ’ ਦੇ ਅੱਧੀ ਦਰਜਨ ਦੇ ਲਗਭਗ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਵੀ ਸੂਬਿਆਂ ਵਿੱਚ ‘ਸਿੱਖਸ ਫ਼ਾਰ ਜਸਟਿਸ’ ਖ਼ਿਲਾਫ਼ ਕੇਸ ਦਰਜ ਹੋ ਚੁੱਕੇ ਹਨ।

ਹੋਰ ਤਾਂ ਹੋਰ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਤੇ ਮੁੱਖ ਬੁਲਾਰੇ ਗੁਰਪਤਵੰਤ ਸਿੰਘ ਪਨੂੰ ਨੇ ਪਿੱਛੇ ਜਿਹੇ ਆਪਣੇ ਇੱਕ ਵਿਡੀਓ–ਸੁਨੇਹੇ ਰਾਹੀਂ ਪੰਜਾਬ ਦੇ DGP ਸ੍ਰੀ ਦਿਨਕਰ ਗੁਪਤਾ ਨੂੰ ਧਮਕੀ ਵੀ ਦਿੱਤੀ ਸੀ।

ਭਾਰਤ ਸਰਕਾਰ ਦੀ ਬੇਨਤੀ ਉੱਤੇ ‘ਟਵਿਟਰ’ ਨੇ ਗੁਰਪਤਵੰਤ ਸਿੰਘ ਪਨੂੰ ਦਾ ਖਾਤਾ (ਹੈਂਡਲ) ਮੁਲਤਵੀ ਕਰ ਦਿੱਤਾ ਹੈ।

Related posts

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, NIA ਦੀ ਬਿਨਾਂ ਮਨਜੂਰੀ ਨਹੀਂ ਜਾ ਸਕਣਗੇ ਵਿਦੇਸ਼

On Punjab

ਚਾਰਾ ਘੁਟਾਲੇ ਦੇ 36 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਪਿਛਲੇ 27 ਸਾਲਾਂ ਤੋਂ ਚੱਲ ਰਹੀ ਦੋਰਾਂਡਾ ਖ਼ਜ਼ਾਨਾ ਕੇਸ ਦੀ ਸੁਣਵਾਈ

On Punjab

ਜੇਲ੍ਹ ‘ਚੋਂ ਆਇਆ ਅੰਮ੍ਰਿਤਪਾਲ ਸਿੰਘ ਦਾ ਫੋਨ, ਕਥਿਤ ਆਡੀਓ ਹੋਈ ਵਾਇਰਲ

On Punjab