ਮੁੰਬਈ: ‘ਬਾਹੁਬਲੀ’ ਫੇਮ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਇਸ ਬਿੱਗ ਬਜਟ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕਰੋੜਾਂ ਲੋਕਾਂ ਨੇ ਦੇਖਿਆ ਹੈ। ਟੀਜ਼ਰ ‘ਚ ਪ੍ਰਭਾਸ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ। ਹੁਣ ਫ਼ਿਲਮ ਨਾਲ ਜੁੜੀ ਇੱਕ ਹੋਰ ਦਿਲਚਸਪ ਖ਼ਬਰ ਸਾਹਮਣੇ ਆਈ ਹੈ ਕਿ ਇਸ ਦੇ ਇੱਕ ਅੱਠ ਮਿੰਟ ਦੇ ਐਕਸ਼ਨ ਸੀਕਵੈਂਸ ‘ਤੇ ਮੇਕਰਸ ਨੇ ਕਰੋੜਾਂ ਰੁਪਏ ਦਾ ਖ਼ਰਚ ਕੀਤਾ ਹੈ।
ਮੀਡੀਆ ਰਿਪੋਰਟਸ ਮੁਤਾਬਕ ਫ਼ਿਲਮ ਦੇ ਸਿਨਮਾਟੋਗ੍ਰਾਫਰ ਆਰ. ਮਾਧੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਆਬੁ ਧਾਬੀ ‘ਚ ਐਕਟਰ ਪ੍ਰਭਾਸ ਵੱਲੋਂ ਸ਼ੂਟ ਕੀਤੇ ਇੱਕ ਸੀਕਵੈਂਸ ‘ਤੇ ਕਰੀਬ 70 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ। ਰਿਪੋਰਟਸ ਮੁਤਾਬਕ ਇਸ ਤੋਂ ਪਹਿਲਾਂ ਕਿਸੇ ਭਾਰਤੀ ਫ਼ਿਲਮ ਦੇ ਸੀਨ ‘ਤੇ ਇੰਨੀ ਜ਼ਿਆਦਾ ਰਕਮ ਖ਼ਰਚ ਨਹੀਂ ਕੀਤੀ ਗਈ।15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਬਜਟ 300 ਕਰੋੜ ਰੁਪਏ ਹੈ ਜਿਸ ‘ਚ ਪ੍ਰਭਾਸ ਨਾਲ ਸ਼੍ਰੱਧਾ ਕਪੂਰ, ਜੈਕੀ ਸ਼ਰੌਫ, ਨੀਲ ਨੀਤੀਨ ਮੁਕੇਸ਼, ਮੰਦਿਰਾ ਬੇਦੀ ਤੇ ਚੰਕੀ ਪਾਂਡੇ ਜਿਹੇ ਕਈ ਹੋਰ ਸਟਾਰਸ ਵੀ ਹਨ। ਫ਼ਿਲਮ ਦਾ ਡਾਇਰੈਕਸ਼ਨ ਸੁਜੀਤ ਨੇ ਕੀਤਾ ਹੈ ਜਿਸ ਨੂੰ ਹਿੰਦੀ ਦੇ ਨਾਲ ਤਮਿਲ, ਤੇਲਗੂ ਤੇ ਮਲਿਆਲਮ ‘ਚ ਵੀ ਰਿਲੀਜ਼ ਕੀਤਾ ਜਾਵੇਗਾ।