ਅੱਜਕਲ੍ਹ ਦੀ ਜ਼ਿੰਦਗੀ ਸਮਾਰਟਫੋਨ ਤੇ ਲੈਪਟਾਪ ਬਿਨਾਂ ਅਧੂਰੀ ਹੈ। ਪਰ ਲੋੜ ਤੋਂ ਵੱਧ ਸਮਾਰਟਫੋਨ ਦੀ ਵਰਤੋਂ, ਵਾਈਫਾਈ ਸਿਗਨਲ ਤੇ ਹੋਰ ਗੈਜੇਟਸ ਵਰਦਾਨ ਦੀ ਬਜਾਏ ਤੁਹਾਡੇ ਲਈ ਸਰਾਪ ਬਣ ਸਕਦੇ ਹਨ। ਇਸ ਖ਼ਬਰ ਵਿੱਚ ਗੈਜੇਟਸ ਦੀ ਵਰਤੋਂ ਨਾਲ ਸਰੀਰਕ ਢਾਂਚੇ ਵਿੱਚ ਹੋਣ ਵਾਲੇ ਬਦਲਾਅ ਬਾਰੇ ਦੱਸਾਂਗੇ।
ਟੈਕ ਨੈੱਕ- ਜ਼ਿਆਦਾ ਸਮਾਰਟਫੋਨ ਦੇ ਇਸਤੇਮਾਲ ਨਾਲ ਰੀੜ੍ਹ ਦੀ ਹੱਡੀ ‘ਤੇ ਅਸਰ ਪੈ ਰਿਹਾ ਹੈ। ਖੋਜੀਆਂ ਮੁਤਾਬਕ ਗੈਜੇਟਸ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਰ ਦੇ ਪਿਛਲੇ ਹਿੱਸੇ ਵਿੱਚ ਇੱਕ ਵਾਧੂ ਨੁਕੀਲੀ ਹੱਡੀ ਵੇਖੀ ਜਾ ਰਹੀ ਹੈ। ਇਸ ਨੂੰ ‘ਟੈਕ ਨੈੱਕ’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਆਕਾਰ 2.6 ਸੈਮੀ ਤਕ ਵੇਖਿਆ ਗਿਆ ਹੈ। ਮੋਬਾਈਲ-ਟੈਬਲੇਟਸ ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਸਿਰ ਦੀ ਸਕੈਨਿੰਗ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੂੰ ਠੀਕ ਕਰਨ ਲਈ ਸਮਾਰਟਫੋਨ ਦੀ ਆਦਤ ਨਾ ਪੈਣ ਦਿਓ। ਜ਼ਿਆਦਾ ਝੁਕ ਕੇ ਵੇਖਣ ਤੋਂ ਬਚੋ ਤੇ ਹਮੇਸ਼ਾ ਗੈਜੇਟ ਨੂੰ ਅੱਖਾਂ ਦੇ ਪੱਧਰ ‘ਤੇ ਰੱਖ ਕੇ ਵੇਖੋ।