ਚੰਡੀਗੜ੍ਹ: ਭਾਰਤ ਸਮੇਤ ਕਈ ਦੇਸ਼ਾਂ ਦੇ 2.5 ਕਰੋੜ ਐਂਡ੍ਰੌਇਡ ਯੂਜ਼ਰਸ ਦੇ ਫੋਨਜ਼ ‘ਤੇ ਵਾਇਰਸ ਅਟੈਕ ਹੋਣ ਦੀ ਖ਼ਬਰ ਆ ਰਹੀ ਹੈ। ਇਜ਼ਰਾਈਲੀ ਸਾਈਬਰ ਸਕਿਉਰਟੀ ਰਿਸਰਚ ਕੰਪਨੀ ਚੈਕ ਪੁਆਇੰਟ ਮੁਤਾਬਕ ਇਸ ਖ਼ਤਰਨਾਕ ਵਾਇਰਸ ਨੇ ਸਭ ਤੋਂ ਜ਼ਿਆਦਾ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੇ ਐਂਡ੍ਰੌਇਡ ਯੂਜ਼ਰਸ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਵਾਇਰਸ ਜ਼ਰੀਏ ਵ੍ਹੱਟਸਐਪ ਨਾਲ ਹੋਰ ਐਪਸ ਵੀ ਹੈਕ ਹੋ ਸਕਦੀਆਂ ਹਨ। ਉਨ੍ਹਾਂ ਦੀ ਥਾਂ ਡੁਪਲੀਕੇਟ ਵਰਸ਼ਨ ਇੰਸਟਾਲ ਹੋ ਜਾਂਦਾ ਹੈ। ਬਾਅਦ ਵਿੱਚ ਇਸ ਦੀ ਮਦਦ ਨਾਲ ਯੂਜ਼ਰਸ ਦਾ ਨਿੱਜੀ ਡੇਟਾ ਚੋਰੀ ਕਰ ਸਕਦੇ ਹਨ।
ਚੈਕ ਪੁਆਇੰਟ ਮੁਤਾਬਕ ‘ਏਜੰਟ ਸਮਿੱਥ’ ਨਾਂ ਦਾ ਇਹ ਮਾਲਵੇਅਰ ਡਿਵਾਇਸ ਨੂੰ ਆਸਾਨੀ ਨਾਲ ਐਕਸੈਸ ਕਰਦਾ ਹੈ। ਇਹ ਯੂਜ਼ਰਸ ਨੂੰ ਆਰਥਕ ਲਾਹੇ ਵਾਲੇ ਇਸ਼ਤਿਹਾਰ ਦਿਖਾਉਂਦਾ ਹੈ, ਜਿਸ ਦਾ ਇਸਤੇਮਾਲ ਯੂਜ਼ਰਸ ਦੀਆਂ ਬੈਂਕਿੰਗ ਡਿਟੇਲਸ ਚੋਰੀ ਕਰਨ ਲਈ ਕੀਤਾ ਜਾ ਸਕਦਾ ਹੈ। ਇਹ ਮਾਲਵੇਅਰ Gooligan, Hummingbad ਤੇ CopyCat ਨਾਲ ਮਿਲਦਾ-ਜੁਲਦਾ ਹੈ।
ਮਾਲਵੇਅਰ ਅਜਿਹਾ ਸਾਫਟਵੇਅਰ ਹੈ ਜੋ ਵਾਇਰਸ ਵਰਗਾ ਕੰਮ ਕਰਦਾ ਹੈ। ਯਾਨੀ ਫੋਨ ਵਿੱਚ ਇੰਸਟਾਲ ਹੋ ਕੇ ਯੂਜ਼ਰਸ ਦੇ ਡੇਟਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਵਾਇਰਸ ਤੀਜੀ ਧਿਰ ਦੀ ਐਪ 9apps.com ਦੇ ਜ਼ਰੀਏ ਫੋਨ ਵਿੱਚ ਆਇਆ, ਜੋ ਚੀਨ ਦੇ ਅਲੀਬਾਬਾ ਗਰੁੱਪ ਦੀ ਐਪ ਹੈ। ਮਾਲਵੇਅਰ ਅਟੈਕ ਦੇ ਬਾਅਦ ਚੈਕ ਪੁਆਇੰਟ ਕੰਪਨੀ ਨੇ ਯੂਜ਼ਰਸ ਨੂੰ ਅਲਰਟ ਰਹਿਣ ਬਾਰੇ ਕਿਹਾ ਹੈ।