ਚੰਡੀਗੜ੍ਹ: ਵੈਸਟਇੰਡੀਜ਼ ਨੇ ਭਾਰਤ ਖਿਲਾਫ ਟੈਸਟ ਲੜੀ ਲਈ ਆਪਣੀ ਟੈਸਟ ਟੀਮ ਦਾ ਐਲਾਨ ਕੀਤਾ ਹੈ। ਵੈਸਟਇੰਡੀਜ਼ ਕ੍ਰਿਕੇਟ ਬੋਰਡ ਨੇ 22 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਲੜੀ ਲਈ ਆਤੀਸ਼ੀ ਓਪਨਰ ਕ੍ਰਿਸ ਗੇਲ ਨੂੰ ਟੀਮ ਤੋਂ ਬਾਹਰ ਰੱਖਿਆ ਹੈ ਜਦਕਿ ਕੈਰੇਬੀਅਨ ਟੀਮ ਵਿੱਚ ਸਾਢੇ ਛੇ ਫੁੱਟ ਲੰਬੇ ਤੇ 140 ਕਿੱਲੋ ਤੋਂ ਵੱਧ ਭਾਰ ਵਾਲੇ ਰਹਿਕੀਮ ਕੌਰਨਵਾਲ ਨੂੰ ਮੌਕਾ ਦਿੱਤਾ ਹੈ। ਟੈਸਟ ਸੀਰੀਜ਼ ਦਾ ਪਹਿਲਾ ਮੈਚ ਐਂਟੀਗੁਆ ਤੇ ਦੂਜਾ ਜਮੈਕਾ ਵਿੱਚ ਖੇਡਿਆ ਜਾਵੇਗਾ।
ਇੱਰ ਪਾਸੇ ਟੀਮ ਵੱਲੋਂ ਕ੍ਰਿਸ ਗੇਲ ਨੂੰ ਟੀਮ ਵਿੱਚ ਨਾ ਚੁਣਿਆ ਜਾਣਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਇਸ ਵਾਰ ਟੈਸਟ ਟੀਮ ਵਿੱਚ ਰਹਿਕੀਮ ਕੌਰਨਵਾਲ ਦੀ ਚੋਣ ਨੇ ਵੀ ਕ੍ਰਿਕੇਟ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਐਂਟੀਗੁਆ ਵਿੱਚ ਜੰਮੇ, ਕੌਰਨਵਾਲ ਦੀ ਲੰਬਾਈ 6.5 ਫੁੱਟ ਹੈ ਤੇ ਵਜ਼ਨ ਲਗਪਗ 140 ਕਿਲੋਗ੍ਰਾਮ ਦੇ ਕਰੀਬ ਹੈ।
ਉਸ ਨੂੰ ਵਿਸ਼ਵ ਦਾ ਸਭ ਤੋਂ ਉੱਚਾ-ਲੰਮਾ ਕ੍ਰਿਕੇਟਰ ਮੰਨਿਆ ਜਾਂਦਾ ਹੈ। ਇਹ 26 ਸਾਲਾ ਆਲਰਾਊਂਡਰ ਖਿਡਾਰੀ ਘਰੇਲੂ ਕ੍ਰਿਕੇਟ ‘ਚ ਚੰਗਾ ਪ੍ਰਦਰਸ਼ਨ ਕਰਦਾ ਆਇਆ ਹੈ, ਪਰ ਫਿਟਨੈਸ ਦੇ ਕਾਰਨ ਉਸ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਜਾਂਦਾ ਸੀ। ਹੁਣ ਉਸ ਨੂੰ ਭਾਰਤ ਖ਼ਿਲਾਫ਼ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ।
ਉੱਧਰ ਵੈਸਟਇੰਡੀਜ਼ ਤੇ ਭਾਰਤ ਵਿਚਾਲੇ ਦੂਜਾ ਵਨਡੇ ਮੈਚ ਮੈਚ ਅੱਜ ਪੋਰਟ ਆਫ ਸਪੇਨ ਵਿੱਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਪਹਿਲਾ ਵਨਡੇ ਮੈਚ ਮੀਂਹ ਦੀ ਵਜ੍ਹਾ ਕਰਕੇ ਰੱਦ ਹੋ ਗਿਆ ਸੀ। ਕਪਤਾਨ ਵਿਰਾਟ ਕੋਹਲੀ ਅੱਜ ਵੈਸਟਇੰਡੀਜ਼ ਖ਼ਿਲਾਫ਼ ਸਭ ਤੋਂ ਜ਼ਿਆਜਾ ਰਨ ਬਣਾਉਣ ਵਾਲਾ ਬੱਲੇਬਾਜ਼ ਬਣ ਸਕਦਾ ਹੈ। 19 ਦੌੜਾਂ ਬਣਾਉਂਦਿਆਂ ਹੀ ਉਹ ਜਾਵੇਦ ਮਿਆਦਾਦ ਦਾ 1930 ਦੌੜਾਂ ਦਾ ਰਿਕਾਰਡ ਤੋੜ ਦਏਗਾ। ਵੈਸਟਇੰਡੀਜ਼ ਦਾ ਬੱਲੇਬਾਜ਼ ਕ੍ਰਿਸ ਗੇਲ ਆਪਣਾ 300ਵਾਂ ਵਨਡੇ ਮੈਚ ਖੇਡੇਗਾ।