ਵਾਸ਼ਿੰਗਟਨ: ਅਮਰੀਕਾ ਆਪਣੇ ਸੰਚਾਰ ਨੈੱਟਵਰਕ ਨੂੰ ਵਿਦੇਸ਼ੀ ਦੁਸ਼ਮਨਾਂ ਤੋਂ ਬਚਾਉਣਾ ਚਾਹੁੰਦਾ ਹੈ। ਇਸ ਸਿਲਸਿਲੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ। ਹੁਣ ਕੋਈ ਵੀ ਅਮਰੀਕੀ ਟੈਲੀਕਾਮ ਕੰਪਨੀ ਅਜਿਹੀ ਕਿਸੇ ਵੀ ਕੰਪਨੀ ਦੇ ਸਾਮਾਨ ਦਾ ਇਸਤੇਮਾਲ ਨਹੀਂ ਕਰ ਸਕੇਗੀ ਜਿਸ ਦਾ ਨਿਰਮਾਣ ਉਨ੍ਹਾਂ ਕੰਪਨੀਆਂ ਵੱਲੋਂ ਕੀਤਾ ਗਿਆ ਹੈ ਜੋ ਦੇਸ਼ ਲਈ ਖ਼ਤਰਾ ਹਨ।
ਵ੍ਹਾਈਟ ਹਾਉਸ ਨੇ ਇੱਕ ਬਿਆਨ ਵਿੱਚ ਕਿਹਾ, “ਰਾਸ਼ਟਰਪਤੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਮਰੀਕੀ ਪ੍ਰਸਾਸ਼ਨ ਨੂੰ ਸੁਰੱਖਿਅਤ ਤੇ ਸ਼ਕਤੀਸ਼ਾਲੀ ਬਣਾਏ ਰੱਖਣ ਲਈ ਤੇ ਅਮਰੀਕਾ ‘ਚ ਸੂਚਨਾ ਤੇ ਸੰਚਾਰ ਤਕਨੀਕ ਦੇ ਬੁਨਿਆਦੀ ਢਾਂਚੇ ‘ਚ ਕਮਜ਼ੋਰੀ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਉਨ੍ਹਾਂ ਦੀ ਦੁਰਵਰਤੋਂ ਕਰਨ ਵਾਲੇ ਵਿਦੇਸ਼ੀ ਦੁਸ਼ਮਨਾਂ ਤੋਂ ਅਮਰੀਕਾ ਦੀ ਰੱਖਿਆ ਕਰੇਗਾ।”
ਬਿਆਨ ਮੁਤਾਬਕ, “ਇਹ ਹੁਕਮ ਅਮਰੀਕਾ ‘ਚ ਸੂਚਨਾ ਤੇ ਸੰਚਾਰ ਤਕਨੀਕੀ ਤੇ ਸੇਵਾਵਾਂ ਤੋਂ ਸਬੰਧਤ ਖ਼ਤਰਿਆਂ ਨੂੰ ਦੇਖਦੇ ਹੋਏ ਰਾਸ਼ਟਰੀ ਐਮਰਜੈਂਸੀ ਐਲਾਨ ਕਰਦਾ ਹੈ ਤੇ ਵਣਜ ਮੰਤਰੀ ਨੂੰ ਖ਼ਤਰੇ ਪੈਦਾ ਕਰਨ ਵਾਲੇ ਲੈਣ–ਦੇਣ ‘ਤੇ ਬੈਨ ਲਾਉਣ ਦਾ ਅਧਿਕਾਰ ਦਿੰਦਾ ਹੈ।”
ਮੀਡੀਆ ਰਿਪੋਰਟਸ ਮੁਤਾਬਕ, ਟਰੰਪ ਦਾ ਇਹ ਐਲਾਨ ਚੀਨ ਦੀ ਪ੍ਰਸਿੱਧ ਟੈਲੀਕਾਮ ਕੰਪਨੀ ਹੁਆਵੇ ਲਈ ਹੈ। ਅਮਰੀਕਾ ਮੰਨਦਾ ਹੈ ਕਿ ਚੀਨ ਹੁਆਵੇ ਦੇ ੳਪਕਰਨਾਂ ਦਾ ਇਸਤੇਮਾਲ ਸਰਵੀਲਾਂਸ ਲਈ ਕਰ ਸਕਦਾ ਹੈ। ਜਦਕਿ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸਮਾਰਫੋਨ ਨਿਰਮਾਤਾ ਕੰਪਨੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਵਾਰ–ਵਾਰ ਗਲਤ ਕਿਹਾ ਹੈ।