PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਘਰ ਈਡੀ ਦੀ ਛਾਪੇਮਾਰੀ

ਮੁੰਬਈ : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਅਨੁਸਾਰ ਛਾਪੇਮਾਰੀ ਅਸ਼ਲੀਲ ਫਿਲਮਾਂ ਦੀ ਕਥਿਤ ਵੰਡ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ਵਿੱਚ ਲਗਭਗ 15 ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਜਿਸ ਵਿੱਚ 49 ਸਾਲਾ ਕੁੰਦਰਾ ਅਤੇ ਕੁਝ ਹੋਰ ਵਿਅਕਤੀਆਂ ਦੇ ਘਰ ਅਤੇ ਦਫ਼ਤਰ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਏਜੰਸੀ ਇਨ੍ਹਾਂ ‘ਚੋਂ ਇਕ ਥਾਂ ’ਤੇ ਕੁੰਦਰਾ ਤੋਂ ਪੁੱਛਗਿੱਛ ਕਰ ਰਹੀ ਹੈ।
ਕੀ ਹੈ ਪੂਰਾ ਮਾਮਲਾ
ਮਈ 2022 ਦਾ ਇਹ ਮਨੀ ਲਾਂਡਰਿੰਗ ਕੇਸ ਕੁੰਦਰਾ ਅਤੇ ਹੋਰਾਂ ਵਿਰੁੱਧ ਘੱਟੋ-ਘੱਟ ਦੋ ਐਫਆਈਆਰ ਅਤੇ ਚਾਰਜਸ਼ੀਟਾਂ ਤੋਂ ਸ਼ੁਰੂ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕਾਰੋਬਾਰੀ ਅਤੇ ਕੁਝ ਹੋਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਜ਼ਮਾਨਤ ਦੇ ਦਿੱਤੀ ਸੀ। ਕੁੰਦਰਾ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਇਹ ਦੂਜਾ ਮਾਮਲਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਈਡੀ ਨੇ ਇੱਕ ਕ੍ਰਿਪਟੋ ਕਰੰਸੀ ਮਾਮਲੇ ਵਿੱਚ ਕੁੰਦਰਾ ਅਤੇ ਸ਼ੈੱਟੀ ਦੀ 98 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਹਾਲਾਂਕਿ ਜੋੜੇ ਨੇ ਈਡੀ ਦੇ ਕੁਰਕੀ ਦੇ ਇਸ ਆਦੇਸ਼ ਦੇ ਖ਼ਿਲਾਫ਼ ਬੰਬੇ ਹਾਈ ਕੋਰਟ ਤੋਂ ਰਾਹਤ ਪ੍ਰਾਪਤ ਕੀਤੀ ਹੈ।
ਕਰੋਬਾਰੀ ਨੇ 2021 ਵਿੱਚ ਮੁੰਬਈ ਦੀ ਇੱਕ ਸਥਾਨਕ ਅਦਾਲਤ ਨੂੰ ਦੱਸਿਆ ਸੀ ਕਿ ਇਸਤਗਾਸਾ (ਮੁੰਬਈ ਪੁਲੀਸ) ਕੋਲ ਅਜਿਹਾ ਕੋਈ ਸਬੂਤ ਵੀ ਨਹੀਂ ਸੀ ਜੋ ਕਥਿਤ ਅਸ਼ਲੀਲ ਫਿਲਮਾਂ ਦੇ ਰੈਕੇਟ ਵਿੱਚ ਵਰਤੀ ਜਾਂਦੀ ਐਪ ‘ਹਾਟਸ਼ਾਸ’ ਨੂੰ ਕਾਨੂੰਨ ਦੇ ਤਹਿਤ ਅਪਰਾਧ ਨਾਲ ਜੋੜਦਾ ਸੀ। ਜਾਂਚ ਏਜੰਸੀ ਮੁਤਾਬਕ ਦੋਸ਼ੀ ਵਿਅਕਤੀ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਅਤੇ ਸਟ੍ਰੀਮ ਕਰਨ ਲਈ ‘ਹੌਟਸ਼ਾਟ’ ਐਪ ਦੀ ਵਰਤੋਂ ਕਰ ਰਹੇ ਸਨ। ਕੁੰਦਰਾ ਨੇ ਦਾਅਵਾ ਕੀਤਾ ਸੀ ਕਿ ਕਥਿਤ ਸ਼ੱਕੀ ਅਸ਼ਲੀਲ ਸਮੱਗਰੀ ਬਣਾਉਣ ਵਿੱਚ ਉਸਦੇ ਸਰਗਰਮ ਤੌਰ ’ਤੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਹੈ।
ਉਸਨੇ ਕਿਹਾ ਸੀ ਕਿ ਉਸਨੂੰ ਝੂਠਾ ਫਸਾਇਆ ਗਿਆ ਸੀ ਅਤੇ ਐਫਆਈਆਰ ਵਿੱਚ ਉਸਦਾ ਨਾਮ ਵੀ ਨਹੀਂ ਸੀ।ਇਸ ਮਾਮਲੇ ਵਿਚ ਪੁਲੀਸ ਨੇ ਦੋ ਔਰਤਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਸੀ, ਜਦਕਿ ਇਕ ਹੋਰ ਔਰਤ ਨੇ ਮੁੰਬਈ ਤੋਂ ਲਗਭਗ 120 ਕਿਲੋਮੀਟਰ ਦੂਰ ਲੋਨਾਵਲਾ ਪੁਲਿਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕੁਝ ਛੋਟੇ ਕਲਾਕਾਰਾਂ ਨੂੰ ਕੁਝ ਵੈੱਬ ਸੀਰੀਜ਼ ਜਾਂ ਛੋਟੀਆਂ ਕਹਾਣੀਆਂ ਵਿੱਚ ਮੌਕਾ ਦੇ ਕੇ ਲੁਭਾਇਆ ਗਿਆ ਸੀ।
ਅਧਿਕਾਰੀ ਨੇ ਕਿਹਾ ਸੀ ਕਿ ਇਨ੍ਹਾਂ ਅਦਾਕਾਰਾਂ ਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ‘ਬੋਲਡ’ ਸੀਨ ਦੇਣ ਲਈ ਕਿਹਾ ਗਿਆ ਸੀ, ਜੋ ਬਾਅਦ ਵਿੱਚ ਅਰਧ-ਨਗਨ ਜਾਂ ਨਗਨ ਦ੍ਰਿਸ਼ ਨਿਕਲੇ, ਜੋ ਕਿ ਅਦਾਕਾਰਾਂ ਦੀ ਇੱਛਾ ਦੇ ਵਿਰੁੱਧ ਸਨ।
ਪੁਲੀਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਸਾਈਬਰ ਸਪੇਸ ’ਚ ਕਈ ਅਸ਼ਲੀਲ ਐਪਸ (ਐਪਲੀਕੇਸ਼ਨਜ਼) ਕੰਮ ਕਰ ਰਹੀਆਂ ਸਨ। ਪੁਲੀਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਦੀ ਜਾਂਚ ਵਿੱਚ ਪਾਇਆ ਗਿਆ ਕਿ ਕੁੰਦਰਾ ਨੇ ਆਰਮਸਪ੍ਰਾਈਮ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ, ਜਿਸ ਨੇ ਲੰਡਨ ਸਥਿਤ ਕੇਨਰਿਨ ਪ੍ਰਾਈਵੇਟ ਲਿਮਟਿਡ ਦੁਆਰਾ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਵੀਡੀਓਜ਼ ਅਪਲੋਡ ਕਰਨ ਲਈ ਹੌਟ ਸ਼ਾਟਸ ਐਪ ਖਰੀਦੀ ਸੀ। ਕੁੰਦਰਾ ਦੇ ਫੋਨ ’ਚ ਕੇਨਰਿਨ ਅਤੇ ਉਸ ਦੇ ਆਰਥਿਕ ਲੈਣ-ਦੇਣ ਸੰਬੰਧੀ ਵਟਸਐਪ ਚੈਟ ਸਨ। ਪੁਲੀਸ ਨੇ ਕਿਹਾ ਸੀ ਕਿ ਇਹਨਾਂ ਗੱਲਬਾਤ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਉਸਨੇ ਇੱਕ ਵਿਅਕਤੀ ਨੂੰ 1.2 ਮਿਲੀਅਨ ਡਾਲਰ ਵਿੱਚ 119 ਬਾਲਗ ਫਿਲਮਾਂ ਵੇਚਣ ਦੀ ਚਰਚਾ ਕੀਤੀ ਸੀ।

Related posts

ਅੰਮ੍ਰਿਤਪਾਲ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, NSA ਲਾਉਣ ਤੋਂ ਬਾਅਦ ਭੇਜਿਆ ਡਿਬਰੂਗੜ੍ਹ ਜੇਲ੍ਹ; ਪੱਟੀ ਦੇ ਇਸ ਪਿੰਡ ਦਾ ਹੈ ਵਸਨੀਕ

On Punjab

ਪਾਕਿਸਤਾਨ ਨੇ ਲਾਂਘੇ ਦੇ ਉਦਘਾਟਨ ਸਮਾਰੋਹ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਦਿੱਤਾ ਸੱਦਾ

On Punjab

Joe Biden Oath : ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ, ਸੌ ਸਾਲ ਪੁਰਾਣੀ ਬਾਈਬਲ ‘ਤੇ ਹੱਥ ਰੱਖ ਕੇ ਚੁੱਕੀ ਸਹੁੰ

On Punjab