ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਹਟਣ ਮਗਰੋਂ ਪਾਕਿਸਤਾਨ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਭਾਰਤ ਦੇ ਨਾਲ ਰਾਜਨੀਤੀਕ ਤੇ ਕਾਰੋਬਾਰੀ ਸਬੰਧ ਖ਼ਤਮ ਕਰਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਹੋਰ ਕਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਪਾਕਿ ਨੇ ਅੱਤਵਾਦੀ ਸੰਗਠਨਾਂ ਨੂੰ ‘ਕਰੋ ਜਾਂ ਮਰੋ‘ ਜਿਹੇ ਕਦਮ ਚੁੱਕਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਸੰਗਠਨ ਭਾਰਤੀ ਸੁਰੱਖਿਆ ਬਲਾਂ ‘ਤੇ ਹਮਲੇ ਨੂੰ ਅੰਜ਼ਾਮ ਦੇ ਸਕਦੇ ਹਨ।
ਉਧਰ, ਐਲਓਸੀ ‘ਤੇ ਪਾਕਿਸਤਾਨ ਦੀ ਬੈਟ ਹਮਲੇ ਦੀ ਫਿਰਾਕ ‘ਚ ਹੈ। ਇਸ ਨੂੰ ਦੇਖਦੇ ਹੋਏ ਭਾਰਤੀ ਖੁਫਿਆ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿ ਦੀ ਬਾਰਡਰ ਐਕਸ਼ਨ ਟੀਮ (ਬੈਟ) ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਪੀਓਕੇ ‘ਚ ਭਾਰੀ ਗਿਣਤੀ ‘ਚ ਅੱਤਵਾਦੀ ਮੌਜੂਦ ਹਨ। ਉੱਥੇ ਲੌਂਚ ਪੈਡ ‘ਤੇ ਲਸ਼ਕਰ–ਏ–ਤੋਇਬਾ ਤੇ ਜੈਸ਼–ਏ–ਮੁਹਮੰਦ ਦੇ ਅੱਤਵਾਦੀ ਮੌਜੂਦ ਹਨ। ਉਨ੍ਹਾਂ ਨਾਲ ਪਾਕਿ ਸੈਨਾ ਦੀ ਮੌਜੂਦਗੀ ਵੀ ਦੱਸੀ ਜਾ ਰਹੀ ਹੈ।
ਖੁਫ਼ੀਆ ਏਜੰਸੀਆਂ ਨੇ ਕੁਝ ਸੂਚਨਾ ਹਾਸਲ ਕੀਤੀ ਹੈ, ਜਿਸ ‘ਚ ਅੱਤਵਾਦੀ ਵੱਡੇ ਹਮਲੇ ਦਾ ਆਦੇਸ਼ ਦੇ ਰਹੇ ਹਨ। ਇਸ ਤੋਂ ਬਾਅਦ ਸਾਰੇ ਦੇਸ਼ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ, ਜੰਮੂ, ਸ੍ਰੀਨਗਰ, ਗੁਹਾਟੀ, ਅਗਰਤਲਾ, ਮੁੰਬਈ ਤੇ ਕੋਲਕਾਤਾ ਸਣੇ ਦੇਸ਼ ਦੇ 19 ਏਅਰਪੋਰਟ ਨੂੰ ਹਾਈ ਅਲਰਟ ਰੱਖਿਆ ਗਿਆ ਹੈ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਹੁਣ ਤਕ ਕੀ ਕੁਝ ਕਰ ਚੁੱਕਿਆ ਹੈ।
– ਭਾਰਤ ਨਾਲ ਵਪਾਰਕ ਸਬੰਧ ਤੋੜ ਚੁੱਕਿਆ ਹੈ।
– ਭਾਰਤ ਨਾਲ ਦੋਪੱਖੀ ਸਬੰਧਾਂ ਨੂੰ ਘੱਟ ਕਰਨ ਦਾ ਫੈਸਲਾ।
– ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰਿਆ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ।
– ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ‘ਚ ਚੁੱਕਣ ਦੀ ਗੱਲ ਕੀਤੀ ਗਈ ਹੈ।
– ਭਾਰਤ ਦੀ ਸੀਮਾ ਨਾਲ ਲੱਗਦੇ ਏਅਰਬੇਸ ਨੂੰ ਬੰਦ ਕੀਤਾ।
– ਦੋਪੱਖੀ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ।